ਤਰਨ ਤਾਰਨ, 10 ਮਾਰਚ (ਇਕਬਾਲ ਸਿੰਘ ਸੋਢੀ)-ਸ਼ਹੀਦ ਭਗਤ ਸਿੰਘ ਹੈਡੀਕੈਂਪਡ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਨਵਨੀਤ ਸਿੰਘ ਰਤੀਆ ਨੇ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਤੀਜੇ ਬਜਟ ਨੂੰ ਵਿਧਵਾ ਬੀਬੀਆਂ, ਬਜ਼ੁਰਗਾਂ ਅਤੇ ਦਿਵਿਆਂਗਜਨਾਂ ਵਰਗ ਲਈ ਨਿਰਾਸ਼ਾ ਵਾਲਾ ਬਜਟ ਕਹਿੰਦਿਆਂ ਦੱਸਿਆ ਕਿ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਬਦਲਾਅ ਲਿਆਉਣ ਦੀ ਸੋਚ ਤੇ ਆਮ ਘਰਾਂ ਦੇ ਲੋਕਾਂ ਨੂੰ ਤਾਂ ਵੋਟਾਂ ਪਾ ਕੇ ਜਿੱਤਾਂ ਕੇ ਵਿਧਾਨ ਸਭਾ ਵਿਚ ਭੇਜ ਦਿੱਤਾ, ਮੋਟੀਆਂ ਤਨਖਾਹਾਂ, ਭੱਤੇ ਲਗਵਾ ਦਿੱਤੇ, ਹੁਣ ਜਦੋਂ ਤੀਜਾ ਬਜਟ ਵੀ ਪੇਸ਼ ਕੀਤਾ ਗਿਆ, ਉਸ ਵਿਚ ਦਿਵਿਆਂਗਜਨਾਂ ਨੂੰ ਅੱਖੋਂ-ਪਰੋਖੇ ਕਰ ਦਿੱਤਾ ਗਿਆ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਦਲ ਦਾ ਪੰਜਾਬ ਬਜਟ ਦਾ ਵੱਖਰਾ ਨਾਮ ਦੇ ਕੇ ਇਕ ਇਹ ਸਿੱਧ ਕਰ ਦਿੱਤਾ ਹੈ ਕਿ ਰਵਾਇਤੀ ਪਾਰਟੀਆਂ ਵਾਂਗੂੰ ਚੋਣ ਵਰ੍ਹੇ ਦੌਰਾਨ ਆਖ਼ਰੀ ਸਾਲ ਲਾਸਟ ਬਜਟ ਹੀ ਦਿਵਿਆਂਗਜਨਾਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਲਾਲਚੀ ਬਜਟ ਲਾਗੂ ਕੀਤਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਜਟ ਵਿਚ ਦਿਵਿਆਂਗਜਨਾਂ ਦੀ 2500 ਰੁਪਏ ਪੈਨਸ਼ਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ | ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦੇ ਨਾਂਅ 'ਤੇ ਏ.ਡੀ.ਸੀ. ਨੂੰ ਮੰਗ ਪੱਤਰ ਵੀ ਸੌਂਪਿਆ |