ਤਰਨ ਤਾਰਨ, 10 ਮਾਰਚ (ਹਰਿੰਦਰ ਸਿੰਘ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਸਖੀ ਵਨ ਸਟਾਪ ਸੈਂਟਰ ਤਰਨ ਤਾਰਨ ਦੇ ਸੈਂਟਰ ਐਡਮਨਿਸਟ੍ਰੇਟਰ ਅਨੀਤਾ ਸਿੰਘ ਨੇ ਦੱਸਿਆ ਕਿ ਅਰਵਿੰਦਰ ਕੌਰ ਪਤਨੀ ਨਵਨੀਤ ਸਿੰਘ ਸ਼ੈਲੀ ਵਾਸੀ ਰੋਡੂਪੁਰਾ ਮੁਹੱਲਾ ਗਲੀ ਮਸੀਤ ਵਾਲੀ ਜ਼ਿਲ੍ਹਾ ਤਰਨ ਤਾਰਨ ਦਾ 8 ਫਰਵਰੀ 2026 ਨੂੰ ਸਖੀ ਵਨ ਸਟੌਪ ਸੈਂਟਰ ਵਿਖੇ ਘਰੇਲੂ ਹਿੰਸਾ ਦਾ ਕੇਸ ਦਰਜ ਹੋਇਆ ਸੀ | ਉਨ੍ਹਾ ਕਿਹਾ ਕਿ 8 ਫਰਵਰੀ 2026 ਨੂੰ ਜਦੋਂ ਪੀੜਤ ਪਹਿਲਾ ਦਫ਼ਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਵਿਚ ਪਹੁੰਚੀ, ਤਾਂ ਉਸ ਦੀ ਹਾਲਤ ਬਹੁਤ ਗੰਭੀਰ ਸੀ | ਪੀੜਤਾ ਦੇ ਪੂਰੇ ਸਰੀਰ ਅਤੇ ਚਿਹਰੇ ਉਪਰ ਕੁੱਟਮਾਰ ਦੇ ਨਿਸ਼ਾਨ ਸਨ | ਪੀੜਤਾ ਦੇ ਸਿਰ ਉਪਰੋਂ ਉਸ ਦੇ ਪਤੀ ਵਲੋਂ ਸਾਰੇ ਵਾਲ ਪੁੱਟੇ ਗਏ ਸਨ | ਪੀੜਤਾ ਨੇ ਦੱਸਿਆ ਕਿ ਉਹ ਲਗਪਗ ਪਿਛਲੇ 26-27 ਸਾਲਾ ਤੋਂ ਘਰੇਲੂ ਹਿੰਸਾ ਨੂੰ ਸਹਿਣ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਇਸ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਐਫ.ਆਈ.ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ, ਜਿਸ ਦੇ ਅਨੁਸਾਰ ਮਿਤੀ 9 ਮਾਰਚ 2026 ਨੂੰ ਥਾਣਾ ਸਿਟੀ ਤਰਨ ਤਾਰਨ ਵਿਚ ਕੇਸ ਦਰਜ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਵਲੋਂ ਦਫ਼ਤਰ ਸਖੀ ਵਨ ਸਟੌਪ ਸੈਂਟਰ ਦਾ ਧੰਨਵਾਦ ਕੀਤਾ ਗਿਆ ਹੈ |