ਤਰਨ ਤਾਰਨ, 27 ਮਾਰਚ (ਹਰਿੰਦਰ ਸਿੰਘ)-ਅਮਰੀਕਾ-ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਹਮਲਿਆਂ ਦੇ ਚੱਲਦਿਆਂ ਤੇਲ ਸਪਲਾਈ ਅਤੇ ਗੈਸ ਸਿੰਲਡਰਾਂ ਦੀ ਸਪਲਾਈ ਉਪਰ ਇਸ ਦਾ ਬੁਰਾ ਅਸਰ ਪਿਆ ਹੈ, ਜੋ ਕਿ ਭਾਰਤ ਵਿਚ ਵੀ ਤੇਲ ਸੰਕਟ ਖੜ੍ਹਾ ਹੋ ਗਿਆ ਹੈ ਅਤੇ ਦੇਸ਼ ਦੇ ਜਿਆਦਾਤਰ ਸੂਬਿਆਂ ਵਿਚ ਪੈਟਰੋਲ, ਡੀਜਲ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਅਤੇ ਪੈਟਰੋਲ ਪੰਪਾਂ ਉਪਰ ਲੋਕ ਲੰਮੀਆਂ ਲਾਈਨਾਂ ਵਿਚ ਖ਼ੜ੍ਹੇ ਦਿਖਾਈ ਦੇ ਰਹੇ ਹਨ, ਉੱਥੇ ਜਿਆਦਾਤਰ ਪੈਟਰੋਲ ਪੰਪਾਂ ਉਪਰ ਤੇਲ ਖ਼ਤਮ ਹੋ ਚੁੱਕਾ ਹੈ | ਕੇਂਦਰ ਸਰਕਾਰ ਵਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ ਕਿ ਜੰਗ ਦੇ ਚੱਲਦਿਆਂ ਭਾਰਤ ਵਿਚ ਪੈਟਰੋਲ, ਡੀਜਲ ਅਤੇ ਗੈਸ ਸਪਲਾਈ ਉਪਰ ਕੋਈ ਅਸਰ ਨਹੀਂ ਪਵੇਗਾ ਪਰ ਜ਼ਮੀਨੀ ਪੱਧਰ 'ਤੇ ਹਰੀਕਤ ਕੁਝ ਹੋਰ ਹੀ ਦਿਖ ਰਹੀ ਹੈ | ਤਰਨ ਤਾਰਨ ਸ਼ਹਿਰ ਵਿਚਲੇ ਬੌਹੜੀ ਚੌਕ ਵਿਖੇ ਸਥਿਤ ਭਾਰਤ ਪੈਟਰੋਲੀਅਮ ਪੰਪ, ਅੰਮਿ੍ਤਸਰ ਰੋਡ ਉਪਰ ਪੈਂਦੇ ਹਿੰਦੋਸਤਾਨ ਪੈਟਰੋਲੀਅਮ ਪੰਪ ਅਤੇ ਇੰਡੀਅਨ ਆਇਲ ਪੈਟਰੋਲ ਪੰਪ ਉਪਰ ਪੈਟਰੋਲ ਅਤੇ ਡੀਜਲ ਖਤਮ ਸੀ ਅਤੇ ਪੈਟਰੋਲ ਪੰਪਾਂ ਵਾਲਿਆਂ ਵਲੋਂ ਪੈਰਟੋਲ ਪੰਪ ਦੇ ਬਾਹਰ ਰੱਸੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਪੈਟਰੋਲ ਖਤਮ ਹੋ ਚੁੱਕਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਦਿਖਾਈ ਦਿੱਤੇ | ਸ਼ਹਿਰ ਤੋਂ ਬਾਹਰਵਾਰ ਪੈਂਦੇ ਕੁਝ ਕੁ ਪੈਟਰੋਲ ਪੰਪਾਂ ਉਪਰ ਪੈਟਰੋਲ ਅਤੇ ਡੀਜਲ ਮਿਲ ਰਿਹਾ ਸੀ, ਿੇੱਥੇ ਲੋਕ ਆਪਣੇ ਵਾਹਨਾਂ ਵਿਚ ਤੇਲ ਪਵਾਉਣ ਲਈ ਲੰਮੀਆਂ ਲੰਮੀਆਂ ਲਾਈਨਾਂ ਵਿਚ ਲੱਗੇ ਹੋਏ ਸਨ | ਅਫਵਾਹਾਂ ਦੇ ਚੱਲਦਿਆਂ ਵੀ ਲੋਕਾਂ ਵਿਚ ਘਬਰਾਹਟ ਪਾਈ ਜਾ ਰਹੀ ਹੈ ਅਤੇ ਕੁਝ ਲੋਕਾਂ ਵਲੋਂ ਆਪਣੇ ਵਾਹਨਾਂ ਦੀਆਂ ਟੈਂਕੀਆਂ ਤੇਲ ਨਾਲ ਫੁੱਲ ਕਰਵਾ ਲਈਆਂ ਗਈਆਂ ਹਨ ਅਤੇ ਕੈਨੀਆਂ ਵਿਚ ਪੈਟਰੋਲ ਅਤੇ ਡੀਜ਼ਲ ਨੂੰ ਜਮ੍ਹਾਂ ਕਰਕੇ ਰੱਖਿਆ ਜਾ ਰਿਹਾ ਹੈ, ਜਿਸ ਕਾਰਨ ਹਫ਼ੜਾ ਦਫੜੀ ਦਾ ਮਾਹੌਲ ਪੈਦਾ ਹੋ ਰਿਹਾ ਹੈ | ਕੇਂਦਰ ਸਰਕਾਰ ਵਲੋਂ ਵੀ ਰੋਜ਼ਾਨਾ ਨਵੇਂ ਨਵੇਂ ਹੁਕਮ ਜਾਰੀ ਕੀਤੇ ਜਾ ਰਹੇ ਹਨ ਕਿ ਦੇਸ਼ 'ਚ ਪੈਟਰੋਲ, ਡੀਜਲ ਸੰਬੰਧੀ ਕੋਈ ਕਿੱਲਤ ਨਹੀਂ ਹੈ ਅਤੇ ਲਗਾਤਾਰ ਲੋਕਾਂ ਨੂੰ ਤੇਲ ਸਪਲਾਈ ਮਿਲ ਰਿਹਾ ਹੈ ਪਰ ਜਿਆਦਾਤਰ ਤੇਲ ਪੰਪਾਂ ਉਪਰ ਤੇਲ ਲੋਕਾਂ ਨੂੰ ਨਹੀਂ ਮਿਲ ਰਿਹਾ ਹੈ, ਜੋ ਕਿ ਕਿਤੇ ਨਾ ਕਿਤੇ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਨੂੰ ਝੂਠਾ ਸਾਬਿਤ ਕਰ ਰਹੇ ਹਨ | ਪੈਟਰੋਲ, ਡੀਜਲ ਨਾ ਮਿਲਣ ਕਾਰਨ ਜਿੱਥੇ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਇਸ ਨਾਲ ਜੁੜੇ ਕਾਰੋਬਾਰ ਕਰਨ ਵਾਲਿਆਂ ਦੇ ਰੁਜਗਾਰ ਉਪਰ ਵੀ ਮਾੜਾ ਅਸਰ ਪੈ ਰਿਹਾ ਹੈ |