ਤਰਨ ਤਾਰਨ, 28 ਮਾਰਚ (ਪਰਮਜੀਤ ਜੋਸ਼ੀ)-ਤਰਨ ਤਾਰਨ ਸ਼ਹਿਰ ਜੋ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਲੋਂ ਵਸਾਈ ਹੋਈ ਪਵਿੱਤਰ ਨਗਰੀ ਹੈ, ਜਿੱਥੇ ਇਸ ਸਮੇਂ ਟ੍ਰੈਫਿਕ ਸਮੱਸਿਆ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਜਿੱਥੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ, ਉੱਥੇ ਬਾਹਰੋਂ ਆਉਣ ਵਾਲੇ ਲੋਕ ਵੀ ਪ੍ਰੇਸ਼ਾਨ ਹੁੰਦੇ ਹਨ | ਸੰਬੰਧਿਤ ਨਗਰ ਕੌਂਸਲ ਤਰਨ ਤਾਰਨ ਅਤੇ ਟ੍ਰੈਫਿਕ ਪੁਲਿਸ ਟ੍ਰੈਫਿਕ ਸਮੱਸਿਆ ਅਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਿਚ ਅਸਮਰੱਥ ਦਿਖਾਈ ਦੇ ਰਹੀ ਹੈ, ਜਿਸ ਦੇ ਚੱਲਦਿਆਂ ਦਿਨ ਬ ਦਿਨ ਇਹ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ | ਦੇਖਣ ਵਿਚ ਆਇਆ ਹੈ ਕਿ ਤਰਨ ਤਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਗਾਰਦ ਬਾਜ਼ਾਰ, ਬਖਸ਼ੀ ਬਾਜ਼ਾਰ, ਨੂਰਦੀ ਬਾਜ਼ਾਰ, ਲੰਗਰ ਬਾਜ਼ਾਰ, ਨਵਾਂ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਮੁੱਖ ਚੌਕ ਬੌਹੜੀ ਚੌਕ, ਚਾਰ ਖੰਭਾ ਚੌਕ, ਤਹਿਸੀਲ ਚੌਕ, ਜੰਡਿਆਲਾ ਚੌਕ, ਝਬਾਲ ਚੌਕ ਤੋਂ ਇਲਾਵਾ ਅੰਮਿ੍ਤਸਰ ਰੋਡ, ਜੰਡਿਆਲਾ ਰੋਡ ਆਦਿ ਵਿਖੇ ਵੱਡੀ ਪੱਧਰ 'ਤੇ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਦੁਕਾਨਾਂ ਦੀ ਹਦੂਦ ਤੋਂ ਕਾਫੀ ਅੱਗੇ ਰੱਖ ਕੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਆਉਣ-ਜਾਣ ਵਾਲੇ ਵਾਹਨਾਂ ਦਾ ਭਾਰੀ ਜਾਮ ਸੜਕਾਂ 'ਤੇ ਲੱਗ ਜਾਂਦਾ ਹੈ, ਉੱਥੇ ਬਾਜ਼ਾਰਾਂ 'ਚੋਂ ਵੀ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ | ਲੋਕਾਂ ਦੀ ਪੈਦਲ ਚੱਲਣ ਲਈ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਫੁੱਟਪਾਥਾਂ ਉਪਰ ਵੀ ਦੁਕਾਨਦਾਰਾਂ ਵਲੋਂ ਆਪਣਾ ਸਾਮਾਨ ਰੱਖ ਕੇ ਵੱਡੀ ਪੱਧਰ 'ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਥੇ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਫਾਸਟ ਫੂਡ, ਸਬਜ਼ੀ ਦੀਆਂ ਰੇਹੜੀਆਂ ਲਗਾਈਆਂ ਹੋਈਆਂ ਹਨ, ਜਿਨ੍ਹਾਂ ਪਾਸੋਂ ਦੁਕਾਨਦਾਰ ਮੋਟਾ ਕਿਰਾਇਆ ਵਸੂਲ ਕਰਦੇ ਹਨ | ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਉਪਰ ਬਿਨਾਂ ਪਾਰਕਿੰਗ ਲੋਕਾਂ ਵਲੋਂ ਖ਼ੜੀਆਂ ਕੀਤੀਆਂ ਗੱਡੀਆਂ ਵੀ ਟ੍ਰੈਫਿਕ ਸਮੱਸਿਆ 'ਚ ਰੁਕਾਵਟ ਪੈਦਾ ਕਰ ਰਹੀਆਂ ਹਨ ਕਿਉਂਕਿ ਸੜਕਾਂ ਉਪਰ ਪਹਿਲਾਂ ਹੀ ਨਾਜਾਇਜ਼ ਕਬਜ਼ਿਆਂ ਕਾਰਨ ਰਸਤਾ ਤੰਗ ਹੁੰਦਾ ਹੈ ਅਤੇ ਉਪਰੋਂ ਗੱਡੀਆਂ ਖ਼ੜ੍ਹੀਆਂ ਹੋਣ ਕਾਰਨ ਦੂਸਰੇ ਲੰਘਣ ਵਾਲੇ ਵਾਹਨਾਂ ਦਾ ਜਾਮ ਲੱਗ ਜਾਂਦਾ ਹੈ | ਸ਼ਹਿਰ ਦੇ ਜਿਆਦਾਤਰ ਚੌਕਾਂ ਵਿਚ ਸਥਾਈ ਤੌਰ 'ਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਸਥਾਈ ਤੌਰ 'ਤੇ ਟ੍ਰੈਫਿਕ ਮੁਲਾਜ਼ਮ ਵੀ ਤਾਇਨਾਤ ਨਹੀਂ ਹਨ ਅਤੇ ਨਾ ਹੀ ਟ੍ਰੈਫਿਕ ਕੰਟਰੋਲ ਲਾਈਟਾਂ ਹਨ, ਜਿਸ ਕਾਰਨ ਟ੍ਰੈਫਿਕ ਸ਼ਹਿਰ ਦੀਆਂ ਸੜਕਾਂ 'ਤੇ ਵੱਡੇ ਵੱਡੇ ਟ੍ਰੈਫਿਕ ਜਾਮ ਲੱਗ ਰਹੇ ਹਨ ਅਤੇ ਲੋਕ ਟ੍ਰੈਫਿਕ ਜਾਮ ਵਿਚ ਫਸ ਕੇ ਪ੍ਰੇਸ਼ਾਨ ਹੁੰਦੇ ਹਨ | ਜੇਕਰ ਗੱਲ ਕਰੀਏ ਟ੍ਰੈਫਿਕ ਪੁਲਿਸ ਦੀ ਤਾਂ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਟ੍ਰੈਫਿਕ ਕੰਟਰੋਲ ਵੱਲ ਘੱਟ ਧਿਆਨ ਦਿੰਦੇ ਹਨ ਅਤੇ ਵਾਹਨਾਂ ਦੇ ਚਲਾਨ ਕੱਟਣ ਵੱਲ ਜਿਆਦਾ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਸ਼ਹਿਰ ਨਿਵਾਸੀਆਂ ਨੇ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਪਾਸੋਂ ਮੰਗ ਕਰਦਿਆਂ ਕਿਹਾ ਕਿ ਤਰਨ ਤਾਰਨ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਚੁੱਕੇ ਜਾਣ ਅਤੇ ਸ਼ਹਿਰ ਵਿਚ ਦੁਕਾਨਦਾਰਾਂ ਵਲੋਂ ਕੀਤੇ ਹੋਏ ਨਾਜਾਇਜ਼ ਕਬਜਿਆਂ ਨੂੰ ਸਖ਼ਤੀ ਨਾਲ ਹਟਾਉਣ ਦੇ ਨਾਲ ਨਾਲ ਜਿਨ੍ਹਾਂ ਦੁਕਾਨਦਾਰਾਂ ਵਲੋਂ ਬਾਜ਼ਾਰਾਂ ਅਤੇ ਸ਼ਹਿਰ ਦੇ ਫੁੱਟਪਾਥਾਂ ਉਪਰ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਉਨ੍ਹਾਂ ਨੂੰ ਜੁਰਮਾਨੇ ਕਰਨ ਦੇ ਨਾਲ-ਨਾਲ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਸ਼ਹਿਰ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |