ਝਬਾਲ, 5 ਅਪ੍ਰੈਲ (ਸੁਖਦੇਵ ਸਿੰਘ)-ਤੜਕਸਾਰ ਜੰਡਿਆਲਾ ਗੁਰੂ ਨੇੜਿਓਾ ਹਥਿਆਰਾਂ ਬੰਦ ਲੁਟੇਰਿਆਂ ਵਲੋਂ ਡਰਾਈਵਰ ਦੀ ਕੁੱਟਮਾਰ ਕੇ ਖੋਹੀ ਗੱਡੀ ਬਲੈਰੋ ਗੱਡੀ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੀ ਪਾਰਕਿੰਗ 'ਚ ਖੜੀ ਮਿਲੀ | ਪੁਲਿਸ ਪਾਰਟੀ ਸਮੇਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਗੱਡੀ ਲੈਣ ਪੁੱਜੇ ਸਬਜ਼ੀ ਮੰਡੀ ਅੰਮਿ੍ਤਸਰ ਦੇ ਆੜ੍ਹਤੀ ਰਘੂ ਨੇ ਦੱਸਿਆ ਕਿ ਉਨ੍ਹਾਂ ਨੇ ਉਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ 107 ਨਗ ਕਰੇਲੇ ਮੰਗਵਾਏ ਸਨ, ਜਿਨਾਂ ਦੀ ਕੀਮਤ ਲਗਪਗ ਡੇਢ ਲੱਖ ਰੁਪਏ ਬਣਦੀ ਹੈ | ਉਸ ਨੇ ਦੱਸਿਆ ਕਿ ਕੁਸ਼ਲ ਨਾਂਅ ਦਾ ਡਰਾਈਵਰ ਬਲੈਰੋ ਗੱਡੀ ਯੂ.ਪੀ. 11 ਡੀ.ਟੀ. 6783 'ਤੇ ਸਹਾਰਨਪੁਰ ਤੋਂ ਅੰਮਿ੍ਤਸਰ ਮੰਡੀ ਲਈ ਆ ਰਿਹਾ ਸੀ | ਤੜਕਸਾਰ ਤਿੰਨ ਕੁ ਵਜੇ ਜਦੋਂ ਉਸ ਨੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਸ ਦਾ ਮੋਬਾਈਲ ਬੰਦ ਹੋ ਗਿਆ, ਜਿਸ ਕਰਕੇ ਉਸ ਨੇ ਗੱਡੀ ਦੇ ਮਾਲਕ ਨੂੰ ਯੂ.ਪੀ. ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਜੰਡਿਆਲਾ ਗੁਰੂ ਨੇੜੇ੍ਹ ਤੜਕਸਾਰ ਹਥਿਆਰਬੰਦ ਚਾਰ ਲੁਟੇਰਿਆਂ ਨੇ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਹੈ ਅਤੇ ਗੱਡੀ ਲੈਕੇ ਫ਼ਰਾਰ ਹੋ ਗਏ ਹਨ | ਜਦੋਂ ਉਨ੍ਹਾਂ ਨੇ ਜੀ.ਪੀ.ਐਸ. ਰਾਹੀਂ ਗੱਡੀ ਦੀ ਭਾਲ ਕੀਤੀ ਤਾਂ ਉਸ ਦੀ ਲੁਕੇਸ਼ਨ ਅਟਾਰੀ ਸਰਹੱਦ ਤੋਂ ਬਾਅਦ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਆਈ | ਜਦ ਉਹ ਬੀੜ ਸਾਹਿਬ ਪੁੱਜੇ ਤਾਂ ਗੱਡੀ ਕਾਰ ਪਾਰਕਿੰਗ ਦੇ ਬਾਹਰ ਖਾਲੀ ਖੜੀ ਸੀ | ਉਸ ਵਿਚ ਕਿਸੇ ਹੋਰ ਗੱਡੀ ਦਾ ਟੁੱਟਾ ਹੋਇਆ ਬੰਪਰ ਪਿਆ ਹੋਇਆ ਸੀ ਅਤੇ ਜਿਸ ਉਪਰ ਗੱਡੀ ਦੀ ਨੰਬਰ ਪਲੇਟ ਵੀ ਲੱਗੀ ਹੋਈ ਸੀ | ਮੌਕੇ 'ਤੇ ਪੁੱਜੀ ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੇ ਗੱਡੀ ਨੂੰ ਕਬਜ਼ੇ ਵਿਚ ਲੈਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ |