28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸਰਹੱਦੀ ਪਿੰਡ ਥੇਹਕਲਾਂ ਦੀ ਪੰਚਾਇਤ ਨੇ ਮਤਾ ਰਜਿਸਟਰ ਜਬਰੀ ਆਪਣੇ ਕੋਲ ਰੱਖਣ ਦੇ ਪੰਚਾਇਤ ਸੈਕਟਰੀ 'ਤੇ ਲਗਾਏ ਦੋਸ਼ <br/>

Ad Position 21
No active advertisement
ਅਜੀਤ ਡੈਸਕ 06-04-2026
ਖਾਲੜਾ, 5 ਅਪ੍ਰੈਲ (ਜੱਜਪਾਲ ਸਿੰਘ ਜੱਜ)-ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉਨ੍ਹਾਂ ਦੀ ਸਰਕਾਰ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਲਈ ਵਿਕਾਸ ਨੂੰ ਅਹਿਮ ਮੁੱਦਾ ਬਣਾ ਕੇ ਲੋਕਾਂ ਦੀ ਕਚਹਿਰੀ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਉਥੇ ਜ਼ਮੀਨੀ ਪੱਧਰ 'ਤੇ ਇਸ ਦੀ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ, ਜਿੱਥੇ ਕੁਝ ਪਿੰਡਾਂ ਵਿਚ ਅਫਸਰਸ਼ਾਹੀ ਵਲੋਂ ਆਪਣੀ ਮਨਮਾਨੀ ਕਰਕੇ ਪਿੰਡਾਂ ਦੇ ਵਿਕਾਸ ਨੂੰ ਰੋਕਿਆ ਜਾ ਰਿਹਾ ਹੈ, ਜਿਸ ਦੀ ਸਪੱਸ਼ਟ ਮਿਸਾਲ ਭਿੱਖੀਵਿੰਡ ਬਲਾਕ ਅਧੀਨ ਆਉਂਦੇ ਸਰਹੱਦੀ ਪਿੰਡ ਥੇਹਕਲਾਂ ਤੋਂ ਮਿਲਦੀ ਹੈ, ਜਿੱਥੋਂ ਦੀ ਪੰਚਾਇਤ ਨੇ ਮਤਾ ਰਜਿਸਟਰ ਜਬਰੀ ਆਪਣੇ ਕੋਲ ਰੱਖਣ ਦੇ ਪੰਚਾਇਤ ਸੈਕਟਰੀ 'ਤੇ ਦੋਸ਼ ਲਗਾਏ ਹਨ ਅਤੇ ਜਿਸ ਨਾਲ ਪਿੰਡ ਦਾ ਵਿਕਾਸ ਠਹਿਰ ਕੇ ਰਹਿ ਗਿਆ ਹੈ | ਸਰਪੰਚ ਯੋਧਾ ਸਿੰਘ, ਮੈਂਬਰ ਸੁਖਵਿੰਦਰ ਸਿੰਘ, ਮੈਂਬਰ ਮਨਜੀਤ ਕੌਰ ਅਤੇ ਮੁਹਤਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਪੰਚਾਇਤ ਦਾ ਮਤਾ ਰਜਿਸਟਰ ਪੰਚਾਇਤ ਸੈਕਟਰੀ ਗੁਰਸੇਵਕ ਸਿੰਘ ਨੇ ਜਬਰੀ ਆਪਣੇ ਕੋਲ ਰੱਖਿਆ ਹੋਇਆ ਹੈ ਅਤੇ ਜਿਸ ਕਾਰਨ ਪਿੰਡ ਦਾ ਵਿਕਾਸ ਰੁਕ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਮਤੇ ਰਜਿਸਟਰ ਬਾਰੇ ਪੁੱਛਦੇ ਹਨ ਤਾਂ ਉਕਤ ਸੈਕਟਰੀ ਵਲੋਂ ਹਮੇਸ਼ਾਂ ਦੇਣ ਤੋਂ ਆਨਾਕਾਨੀ ਕੀਤੀ ਜਾਂਦੀ ਹੈ, ਜਿਸ ਸੰਬੰਧੀ ਉਹ ਬੀ.ਡੀ.ਪੀ.ਓ. ਭਿੱਖੀਵਿੰਡ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਕੱਢ ਚੁੱਕੇ ਹਨ, ਪ੍ਰੰਤੂ ਅਜੇ ਤੱਕ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਉਕਤ ਸੈਕਟਰੀ ਅਤੇ ਦੂਜੀ ਧਿਰ ਵੱਲੋਂ ਆਪਣੇ ਆਪ ਹੀ ਮਤਾ ਰਜਿਸਟਰ ਤੇ ਸਰਪੰਚ ਦੀ ਮੋਹਰ ਅਤੇ ਜਾਅਲੀ ਦਸਤਖਤ ਕਰਕੇ ਪਿੰਡ ਵਿੱਚ ਕੰਮ ਚਲਾਇਆ ਜਾ ਰਿਹਾ ਹੈ | ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ ਸਾਫ ਸੁਥਰਾ ਪਾਣੀ ਦੇਣ ਵਾਲੀ ਟੈਂਕੀ ਜੋ ਮਗਰਲੇ ਸਮੇਂ ਤੋਂ ਬੰਦ ਪਈ ਹੈ, ਨੂੰ ਠੀਕ ਕਰਵਾਉਣ ਲਈ ਵੀ ਵਿੱਤ ਕਮਿਸ਼ਨ ਵਲੋਂ ਦਿੱਤੇ ਜਾ ਰਹੇ ਪੈਸੇ ਸਬੰਧੀ ਮਤਾ ਰਜਿਸਟਰ ਵਿਚ ਮਤਾ ਨਾ ਪਾਉਣ ਕਰਕੇ ਪਿੰਡ ਵਾਸੀ ਸਾਫ਼-ਸੁਥਰਾ ਪਾਣੀ ਪੀਣ ਤੋਂ ਵਾਂਝੇ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਗਰੀਬ ਪਰਿਵਾਰਾਂ ਦੇ ਕਰੀਬ 24 ਕਮਰੇ ਆਏ ਹਨ, ਜੋ ਮਤਾ ਰਜਿਸਟਰ ਨਾ ਹੋਣ ਕਰਕੇ ਰੁਕੇ ਪਏ ਹਨ | ਉਨ੍ਹਾਂ ਕਿਹਾ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦੇ ਹਨ, ਪ੍ਰੰਤੂ ਅਫਸਰਸ਼ਾਹੀ ਉਨ੍ਹਾਂ ਨੂੰ ਕੰਮ ਕਰਨਾ ਹੀ ਦੇ ਰਹੀ ਅਤੇ ਜਿਸ ਨਾਲ ਆਮ ਆਦਮੀ ਪਾਰਟੀ ਦਾ ਹੀ ਨੁਕਸਾਨ ਹੋ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਨਰੇਗਾ ਸੈਕਟਰੀ ਦੀ ਗੱਲ ਕਰੀਏ ਤਾਂ ਉਹ ਪੰਚਾਇਤ ਸੈਕਟਰੀ ਤੋਂ ਵੀ ਅੱਗੇ ਹੈ | ਉਨ੍ਹਾਂ ਕਿਹਾ ਕਿ ਰੰਗਲਾ ਪੰਜਾਬ ਤਹਿਤ ਪਿੰਡ ਨੂੰ ਆਈ 5 ਲੱਖ ਰੁਪਏ ਦੀ ਗ੍ਰਾਂਟ ਅਤੇ 80 ਹਜ਼ਾਰ ਰੁਪਏ ਪੰਚਾਇਤ ਨੇ ਕੋਲੋਂ ਖਰਚ ਕੇ ਇਕ ਗਲੀ ਵਿਚ ਲੌਕ ਟਾਈਲ ਲਾ ਕੇ ਤਿਆਰ ਕੀਤੀ ਹੈ, ਜਿਸ ਨੂੰ ਨਰੇਗਾ ਸੈਕਟਰੀ ਪ੍ਰਦੀਪ ਸਿੰਘ ਨਰੇਗਾ ਵਿਚ ਵਿਖਾਉਣ ਲਈ ਉਨ੍ਹਾਂ 'ਤੇ ਦਬਾਅ ਬਣਾ ਰਿਹਾ ਹੈ, ਤਾਂ ਜੋ ਗਲੀ ਦੇ ਪੈਸੇ ਦੁਬਾਰਾ ਨਰੇਗਾ ਵਿਚੋਂ ਵੀ ਕਢਵਾਏ ਜਾ ਸਕਣ | ਉਨ੍ਹਾਂ ਦੱਸਿਆ ਕਿ ਪਿੰਡ ਦੇ ਆਏ 24 ਕਮਰਿਆਂ ਦੇ ਲਾਭਪਾਤਰੀਆਂ ਦੀ ਅਜੇ ਤੱਕ ਕੇ.ਵਾਈ.ਸੀ. ਨਹੀਂ ਹੋਈ, ਜਿਸ ਕਰਕੇ ਕਮਰੇ ਰੁਕੇ ਪਏ ਹਨ | ਉਨ੍ਹਾਂ ਨਰੇਗਾ ਸੈਕਟਰੀ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਨਰੇਗਾ ਸੰਬੰਧੀ ਪਿੰਡ ਵਿਚ ਚੱਲ ਰਹੇ ਮੈਸਟਰੋਲ ਸੰਬੰਧੀ ਵੀ ਨਰੇਗਾ ਸੈਕਟਰੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੰਦਾ ਅਤੇ ਆਪ ਹੀ ਘਾਲਾ ਮਾਲਾ ਕਰ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਗਲੀਆਂ ਬਣਾਉਣ ਵੇਲੇ ਜਿਹੜੀ ਪੁਰਾਣੀ ਇੱਟ ਪੁੱਟੀ ਗਈ ਸੀ, ਉਹ ਵੀ ਦੂਜੀ ਧਿਰ ਨੇ ਆਪਣੇ ਘਰ ਸੁੱਟੀ ਹੋਈ ਹੈ ਅਤੇ ਹੁਣ ਸਵੱਛ ਅਭਿਆਨ ਤਹਿਤ ਪਿੰਡ ਦੀ ਸਾਂਝੀ ਥਾਂ ਬਣਨ ਵਾਲਾ ਕੂੜੇ ਦਾ ਡੰਪ ਵੀ ਦੂਜੀ ਧਿਰ ਵਲੋਂ ਆਪਣੇ ਥਾਂ ਵਿਚ ਬਣਾਇਆ ਜਾ ਰਿਹਾ ਹੈ ਅਤੇ ਉਸੇ ਵਿਚ ਇੱਟ ਵੀ ਪੁਰਾਣੀ ਵਰਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿਲ ਖੋਲ੍ਹ ਕੇ ਪਿੰਡ ਦੇ ਵਿਕਾਸ ਲਈ ਫੰਡ ਦਿੱਤੇ ਜਾ ਰਹੇ ਹਨ ਅਤੇ ਜਿਸ ਤਹਿਤ ਆਂਗਣਵਾੜੀ ਵਿਚ ਪੜ੍ਹਦੇ ਛੋਟੇ ਨੰਨੇ-ਮੁੰਨੇ ਬੱਚਿਆਂ ਲਈ ਇਕ ਕਮਰਾ ਆਇਆ ਸੀ, ਜੋ ਕਰੀਬ ਸੱਤ ਮਹੀਨੇ ਬੀਤਣ ਉਪਰੰਤ ਵੀ ਉਕਤ ਨਰੇਗਾ ਸੈਕਟਰੀ ਨਹੀਂ ਪੈਣ ਦੇ ਰਿਹਾ | ਉਕਤ ਸਰਪੰਚ ਤੇ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਬੇਸ਼ੱਕ ਜੇ ਸਰਕਾਰ ਪ੍ਰਬੰਧਕ ਲਗਾਉਣਾ ਚਾਹੁੰਦੀ ਹੈ ਤਾਂ ਲਗਾ ਸਕਦੀ ਹੈ, ਪ੍ਰੰਤੂ ਉਹ ਕੋਈ ਗਲਤ ਕੰਮ ਨਹੀਂ ਕਰਨਗੇ | ਇਸ ਸੰਬੰਧੀ ਪੰਚਾਇਤ ਸੈਕਟਰੀ ਗੁਰਸੇਵਕ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਕਿਹਾ ਕਿ ਮਤਾ ਰਜਿਸਟਰ ਉਨ੍ਹਾਂ ਦੇ ਕੋਲ ਹੈ ਅਤੇ ਉਹ ਵਾਪਸ ਕਰ ਦੇਣਗੇ | ਪੰਚਾਇਤ ਵਲੋਂ ਲਾਏ ਦੋਸ਼ ਕਿ ਉਨ੍ਹਾਂ ਦੇ ਜਾਅਲੀ ਦਸਤਖ਼ਤ ਕੀਤੇ ਜਾ ਰਹੇ ਹਨ, ਸੰਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਜਾਅਲੀ ਦਸਤਖ਼ਤ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਉਕਤ ਪੰਚਾਇਤ ਦਾ ਕੋਰਮ ਪੂਰਾ ਨਹੀਂ ਹੈ, ਪ੍ਰੰਤੂ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇ ਪੰਚਾਇਤ ਦਾ ਕੋਰਮ ਪੂਰਾ ਨਾ ਹੋਵੇ ਤਾਂ ਮਤਾ ਰਜਿਸਟਰ ਸੈਕਟਰੀ ਕੋਲੋਂ ਹੁੰਦਾ ਹੈ ਤਾਂ ਉਹ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ | ਪੁਰਾਣੀ ਇੱਟ ਸੰਬੰਧੀ ਦੱਸਦਿਆਂ ਉਨ੍ਹਾਂ ਕਿਹਾ ਕਿ ਗਲੀਆਂ ਵਿਚੋਂ ਪੁੱਟੀ ਇੱਟ ਦੀ ਗਿਣਤੀ ਅਜੇ ਕਰਨੀ ਹੈ | ਨਰੇਗਾ ਸੈਕਟਰੀ ਪ੍ਰਦੀਪ ਕੁਮਾਰ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰੰਗਲਾ ਪੰਜਾਬ ਤਹਿਤ ਬਣੀ ਗਲੀ ਦੁਬਾਰਾ ਨਰੇਗਾ ਵਿਚ ਵਿਖਾਉਣ ਲਈ ਕੋਈ ਦਬਾਅ ਨਹੀਂ ਪਾਇਆ ਤੇ ਗਰੀਬ ਪਰਿਵਾਰਾਂ ਦੇ ਆਏ ਕਮਰਿਆਂ ਦੀ ਜੇਕਰ ਕੋਈ ਕਿਸ਼ਤ ਆਉਂਦੀ ਹੈ ਤਾਂ ਉਸ ਦੀ ਕੇ.ਵਾਈ.ਸੀ. ਕਰਵਾ ਲੈਣਗੇ | ਇਸ ਸਬੰਧੀ ਬੀ.ਡੀ.ਪੀ.ਓ. ਭਿੱਖੀਵਿੰਡ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ | ਉਕਤ ਪੰਚਾਇਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਸੀ. ਤਰਨ ਤਾਰਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਮਸਲੇ ਪਹਿਲ ਦੇ ਅਧਾਰ 'ਤੇ ਸੁਲਝਾਏ ਜਾਣ, ਤਾਂ ਜੋ ਅਸੀਂ ਪਿੰਡ ਦਾ ਵਿਕਾਸ ਕਰਵਾ ਸਕੀਏ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਜਲ ਸ੍ਰੋਤ ਵਿਭਾਗ ਦੇ ਸੇਵਾਮੁਕਤ ਮੁਲਾਜ਼ਮਾਂ ਦੀ ਚੋਣ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਦੇਣ ਤੋਂ ਵੀ ਮੁਕਰੀ- ਆਗੂ <br/>
Ad Position 24