ਤਰਨ ਤਾਰਨ, 6 ਅਪ੍ਰੈਲ (ਪਰਮਜੀਤ ਜੋਸ਼ੀ)-ਕੇਂਦਰੀ ਜੇਲ੍ਹ ਗੋਇੰਦਵਾਲ ਦੀ ਚੈਕਿੰਗ ਦੌਰਾਨ 2 ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਹੋਏ ਹਨ | ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ ਹਵਾਲਾਤੀਆਂ ਖਿਲਾਪ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਗੋਇੰਦਵਾਲ ਵਿਖੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਕਿ 29 ਮਾਰਚ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਖਡੂਰ ਸਾਹਿਬ ਪਾਸੋਂ 2 ਵੱਖ-ਵੱਖ ਕੰਪਨੀਆਂ ਦੇ ਟੱਚ ਮੋਬਾਈਲ ਫੋਨ ਸਮੇਤ ਚਾਰਜਰ ਬਰਾਮਦ ਹੋਏ ਹਨ | ਇਸੇ ਤਰ੍ਹਾਂ ਜੇਲ੍ਹ ਦੇ ਸਹਾਇਕ ਸੁਪਰਡੈਂਟ ਜਸਵੰਤ ਸਿੰਘ ਨੇ ਪੁਲਿਸ ਪਾਸ ਲਿਖਤੀ ਸ਼ਿਕਾਇਤ ਕੀਤੀ ਕਿ 31 ਮਾਰਚ ਨੂੰ ਜੇਲ੍ਹ ਦੀ ਚੈਕਿੰਗ ਦੌਰਾਨ ਹਵਾਲਾਤੀ ਅਮਿਤ ਪੁੱਤਰ ਕਮਲ ਵਾਸੀ ਮੂਲੇਚੱਕ ਭਗਤਾਂਵਾਲਾ ਜ਼ਿਲ੍ਹਾ ਅੰਮਿ੍ਤਸਰ ਪਾਸੋਂ ਇਕ ਟੱਚ ਮੋਬਾਈਲ ਫੋਨ ਸਮੇਤ ਸਿੰਮ ਬਰਾਮਦ ਹੋਇਆ ਹੈ | ਥਾਣਾ ਗੋਇੰਦਵਾਲ ਪੁਲਿਸ ਨੇ ਉਕਤ ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |