ਭਿੱਖੀਵਿੰਡ, 10 ਅਪ੍ਰੈਲ (ਬੌਬੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਡਵੀਜਨ ਭਿੱਖੀਵਿੰਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਦਾਰਾ ਸਿੰਘ ਮਖੂ ਅਤੇ ਈਸ਼ਰ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਕਰਤਾਰ ਸਿੰਘ ਪਹੂਵਿੰਡ, ਬਹਾਦਰ ਸਿੰਘ, ਹਰਜਿੰਦਰ ਸਿੰਘ ਮਨਾਵਾਂ, ਬਾਬਾ ਕਸ਼ਮੀਰ ਸਿੰਘ, ਕਰਤਾਰ ਸਿੰਘ ਆਸਲ, ਸਵਰਨ ਸਿੰਘ, ਹਰਦੇਵ ਸਿੰਘ ਸੁਰ ਸਿੰਘ, ਸੁਖਦੇਵ ਸਿੰਘ ਢਿੱਲੋਂ ਪ੍ਰੈਸ ਸਕੱਤਰ ਸਮੇਤ ਹੋਰ ਵੀ ਮੈਂਬਰ ਹਾਜ਼ਰ ਸਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਪ੍ਰਸ਼ੰਸਾਂ ਕੀਤੀ ਜਿਵੇਂ ਹਰ ਪਰਿਵਾਰ ਨੂੰ 600 ਯੁਨਿਟ ਫ੍ਰੀ ਦੇਣਾ ਕਿਉਂਕਿ ਮਹਿਕਮੇ ਵਿਚ ਸਾਰੀ ਜ਼ਿੰਦਗੀ ਡਿਊਟੀ ਕਰਕੇ ਵੀ ਇਹ ਸੁਵਿਧਾ ਹਾਸਿਲ ਨਹੀਂ ਹੁੰਦੀ ਸੀ, ਡਿਊਟੀ ਦੌਰਾਨ ਵੀ ਸਿਰਫ 150 ਯੂਨਿਟ ਮਹੀਨਾਂ ਵਾਰ ਫ੍ਰੀ ਪ੍ਰਾਪਤ ਹੁੰਦੀ ਸੀ, ਉਹ ਵੀ ਸੇਵਾ ਮੁਕਤ ਹੋਣ ਤੋਂ 2 ਮਹੀਨੇ ਪਹਿਲਾਂ ਬੰਦ ਕਰ ਦਿੱਤੀ ਸੀ, ਇਹ ਕੰਮ ਸ਼ਲਾਘਾਯੋਗ ਹੈ | ਉਨ੍ਹਾਂ ਦੱਸਿਆ ਕਿ ਜੋ ਲਾਈਫ਼ ਸਰਟੀਫਿਕੇਟ ਆਨਲਾਈਨ ਕੀਤੇ ਗਏ ਹਨ, ਉਨ੍ਹਾਂ 'ਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ, ਜੀਵਤ ਸਰਟੀਫਿਕੇਟ ਪਹਿਲਾਂ ਦੀ ਤਰ੍ਹਾਂ ਮੰਡਲ ਦਫ਼ਤਰਾਂ 'ਚ ਹੀ ਲਏ ਜਾਣ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕੇ ਵਿਧਾਨ ਸਭਾ ਚੋਣਾਂ 2027 ਨੂੰ ਮੁੱਖ ਰੱਖ ਕੇ ਮੁਲਾਜ਼ਮਾਂ ਦਾ 16 ਫੀਸਦੀ ਮਹਿਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ |