ਖੇਮਕਰਨ, 11 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਖੇਮਕਰਨ ਵਿਖੇ ਮਾਮੂਲੀ ਵਿਵਾਦ ਦੇ ਚੱਲਦਿਆਂ ਕੁਝ ਵਿਅਕਤੀਆਂ ਵਲੋਂ ਗੋਲੀਆਂ ਚਲਾ ਕੇ ਚਾਰ ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ ਹੈ | ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ | ਇਸ ਸੰਬੰਧ ਵਿਚ ਥਾਣਾ ਖੇਮਕਰਨ ਪੁਲਿਸ ਨੇ ਹਮਲਾਵਰਾਂ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਚਾਰ ਵਿਅਕਤੀਆਂ ਨੂੰ ਗਿ੍ਫਤਾਰ ਵੀ ਕਰ ਲਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਤਨਾਮ ਸਿੰਘ ਪੁੱਤਰ ਅਮਰ ਸਿੰਘ ਵਾਸੀ ਖੇਮਕਰਨ ਨੇ ਦੱਸਿਆ ਕਿ ਬੀਤੀ ਸ਼ਾਮ ਨੂੰ ਉਸਦਾ ਪਰਿਵਾਰ ਮੰਡ ਪੈਲੇਸ ਖੇਮਕਰਨ ਤੋਂ ਮੇਰੇ ਭਤੀਜੇ ਮਾਣਕ ਦਾ ਠਾਕਾ ਦੇਖ ਕੇ ਘਰ ਵਾਪਸ ਆ ਰਹੇ ਸੀ | ਰਸਤੇ ਵਿਚ ਲਵਪ੍ਰੀਤ ਸਿੰਘ ਪੁੱਤਰ ਪ੍ਰੇਮ ਸਿੰਘ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਅਤੇ ਹੱਥੋਪਾਈ ਕੀਤੀ | ਆਸ-ਪਾਸ ਦੇ ਲੋਕਾਂ ਨੇ ਉਥੇ ਪਹੁੰਚ ਕੇ ਸਾਨੂੰ ਛੁਡਵਾ ਦਿੱਤਾ ਅਤੇ ਅਸੀਂ ਘਰ ਚਲੇ ਗਏ | ਉਨ੍ਹਾਂ ਦੱਸਿਆ ਕਿ ਰਾਤ ਸਾਢੇ 8 ਵਜੇ ਦੇ ਕਰੀਬ ਲਵਪ੍ਰੀਤ ਸਿੰਘ ਨਾਲ ਪ੍ਰੇਮ ਸਿੰਘ ਪੁੱਤਰ ਮਹਿੰਦਰ ਸਿੰਘ, ਰਾਕੇਸ਼ ਕੁਮਾਰ ਉਰਫ ਕੇਸ਼ੂ ਪੁੱਤਰ ਜੱਜ ਸਿੰਘ, ਆਸ਼ੂ ਉਰਫ ਮੌਲੀ ਪੁੱਤਰ ਵਿਜੇ ਮਸੀਹ ਵਾਸੀ ਵਾਰਡ ਨੰਬਰ 7 ਖੇਮਕਰਨ, ਗੁਰਭੇਜ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਮਹਿੰਦੀਪੁਰ, ਹਰਪ੍ਰੀਤ ਸਿੰਘ ਹੈਪੀ ਪੁੱਤਰ ਲਾਲ ਮਸੀਹ ਵਾਸੀ ਅਲਗੋ ਕੋਠੀ ਆਪਣੇ ਨਾਲ 8-10 ਅਣਪਛਾਤੇ ਵਿਅਕਤੀ ਨਾਲ ਲੈ ਕੇ ਆਏ ਅਤੇ ਗੋਲੀਆਂ ਅਤੇ ਇੱਟਾਂ ਰੋੜੇ ਚਲਾਉਂਦੇ ਹੋਏ ਇਨ੍ਹਾਂ ਦੇ ਘਰ ਵੱਲ ਵਧੇ | ਉਹ ਰੌਲਾ ਸੁਣ ਕੇ ਬਾਹਰ ਆ ਗਏ | ਉਕਤ ਹਮਲਾਵਾਰਾਂ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਗੋਲੀ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਚੋਂ ਚਮਕੌਰ ਸਿੰਘ ਪੁੱਤਰ ਰੇਸ਼ਮ ਸਿੰਘ ਦੀ ਵੱਖੀ ਵਿਚ ਜਾ ਲੱਗੀ, ਇਕ ਗੋਲੀ ਅਰਸ਼ਦੀਪ ਸਿੰਘ ਪੁੱਤਰ ਸਮਸ਼ੇਰ ਸਿੰਘ ਦੇ ਲੱਕ ਵਿਚ ਲੱਗੀ | ਇਕ ਗੋਲੀ ਸੋਨੀ ਪੁੱਤਰ ਰਸਾਲ ਸਿੰਘ ਦੀ ਬਾਂਹ ਵਿਚ ਲੱਗੀ ਅਤੇ ਇਕ ਗੋਲੀ ਬਿਕਰਮ ਪੁੱਤਰ ਬੀਰੂ ਦੇ ਸੱਜੇ ਪੱਟ ਵਿਚ ਲੱਗੀ | ਉਕਤ ਵਿਅਕਤੀਆਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਸਾਰੇ ਹਮਲਾਵਾਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਆਇਆ ਗਿਆ ਹੈ | ਇਸ ਸੰਬੰਧ ਵਿਚ ਥਾਣਾ ਖੇਮਕਰਨ ਦੇ ਐੱਸ.ਐੱਚ.ਓ.ਕੰਵਲਜੀਤ ਰਾਏ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਹਮਲਾਵਰਾਂ ਖਿਲਾਫ਼ ਕੇਸ ਦਰਜ ਕਰਕੇ ਪ੍ਰੇਮ ਸਿੰਘ, ਆਸ਼ੂ, ਗੁਰਭੇਜ ਸਿੰਘ ਤੋਂ ਇਲਾਵਾ ਅਜੇ ਭੱਟੀ ਵਾਸੀ ਖੇਮਕਰਨ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗਿ੍ਫ਼ਤਾਰੀ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |