ਤਰਨ ਤਾਰਨ, 11 ਅਪ੍ਰੈਲ (ਹਰਿੰਦਰ ਸਿੰਘ)-ਬੇਸਹਾਰਾ ਪਸ਼ੂਆਂ ਕਾਰਨ ਦਿਨ ਬ ਦਿਨ ਸੜਕੀ ਹਾਦਸਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਵਿਚ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਪ੍ਰੰਤੂ ਸਰਕਾਰ ਜਾਂ ਪ੍ਰਸ਼ਾਸਨ ਇਸ ਤਰਫ਼ ਕੋਈ ਧਿਆਨ ਨਹੀਂ ਦੇ ਰਿਹਾ | ਬੇਸਹਾਰਾ ਪਸ਼ੂ ਸ਼ਹਿਰ ਦੀਆਂ ਸੜਕਾਂ ਉਪਰ ਝੁੰਡਾਂ ਵਿਚ ਘੁੰਮ ਰਹੇ ਹਨ ਅਤੇ ਅਚਾਨਕ ਹੀ ਵਾਹਨਾਂ ਅੱਗੇ ਆ ਜਾਂਦੇ ਹਨ ਅਤੇ ਵਾਹਨਾਂ ਨਾਲ ਟਕਰਾਉਣ ਕਾਰਨ ਵਾਹਨ ਚਾਲਕ ਗੰਭੀਰ ਜ਼ਖਮੀ ਹੋ ਜਾਂਦੇ ਹਨ, ਉੱਥੇ ਕਈ ਵਾਹਨ ਚਾਲਕਾਂ ਦੀ ਇਨ੍ਹਾਂ ਬੇਸਹਾਰਾ ਪਸ਼ੂਆਂ ਨਾਲ ਟਕਰਾਉਣ ਨਾਲ ਮੌਤ ਵੀ ਹੋ ਜਾਂਦੀ ਹੈ | ਇਹ ਬੇਸਹਾਰਾ ਪਸ਼ੂ ਆਪਣੀ ਢਿੱਡ ਦੀ ਭੁੱਖ ਮਿਟਾਉਣ ਲਈ ਸੜਕਾਂ ਕਿਨਾਰੇ ਕੂੜੇ ਕਰਕਟ ਵਿਚੋਂ ਖਾਣ ਲਈ ਕੁਝ ਲੱਭਦੇ ਰਹਿੰਦੇ ਹਨ ਅਤੇ ਗੋਆ ਆਦਿ ਕਰ ਦਿੰਦੇ ਹਨ, ਜਿਸ ਕਾਰਨ ਸੜਕਾਂ ਉਪਰ ਗੰਦਗੀ ਵੀ ਫੈਲ ਰਹੀ ਹੈ | ਇਸ ਤੋਂ ਇਲਾਵਾ ਜਦੋਂ ਇਹ ਬੇਸਹਾਰਾ ਪਸ਼ੂ ਬਿਮਾਰ ਜਾਂ ਇਨ੍ਹਾਂ ਦੇ ਵਾਹਨਾਂ ਨਾਲ ਟਕਰਾਉਣ ਨਾਲ ਸੱਟ ਲੱਗ ਜਾਂਦੀ ਹੈ ਤਾਂ ਇਹ ਸੜਕਾਂ ਉਪਰ ਲਵਾਰਿਸ ਹਾਲਤ ਵਿਚ ਪਏ ਰਹਿੰਦੇ ਹਨ ਅਤੇ ਉਥੇ ਹੀ ਮਰ ਜਾਂਦੇ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਬਣਿਆ ਹੋਇਆ ਹੈ | ਸਰਕਾਰ ਵਲੋਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਕੋਈ ਵੀ ਉਚਿਤ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਆਏ ਦਿਨ ਸੜਕੀ ਹਾਦਸਿਆਂ ਵਿਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ | ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸੰਭਾਲ ਲਈ ਉੱਚਿਤ ਕਦਮ ਚੁੱਕੇ ਜਾਣ ਤਾਂ ਜੋ ਇਨ੍ਹਾਂ ਨਾਲ ਹੋਣ ਵਾਲੇ ਸੜਕੀ ਹਾਦਸਿਆਂ ਵਿਚ ਕਮੀ ਆ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚ ਸਕਣ |