ਤਰਨ ਤਾਰਨ, 11 ਅਪ੍ਰੈਲ (ਪਰਮਜੀਤ ਜੋਸ਼ੀ)-ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਦੀ ਅਗਵਾਈ ਵਿਚ ਫੂਡ ਸੇਫਟੀ ਟੀਮ ਤਰਨ ਤਾਰਨ ਵਲੋਂ ਫੂਡ ਸੇਫਟੀ ਪੰਦਰ੍ਹਵਾੜੇ ਤਹਿਤ ਜ਼ਿਲ੍ਹੇ 'ਚ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ | ਇਸੇ ਤਹਿਤ ਪਿਛਲੇ ਤਿੰਨ ਦਿਨਾਂ ਵਿਚ ਤਰਨ ਤਾਰਨ ਸ਼ਹਿਰ, ਚੋਹਲਾ ਸਾਹਿਬ ਇਲਾਕੇ ਅਤੇ ਖ਼ਡੂਰ ਸਾਹਿਬ ਦੀਆਂ ਡੇਅਰੀਆਂ ਅਤੇ ਵੱਖ-ਵੱਖ ਫੂਡ ਆਊਟਲੈੱਟਾਂ ਦੀ ਜਾਂਚ ਕੀਤੀ ਗਈ ਅਤੇ ਨਮੂਨੇ ਇਕੱਤਰ ਕੀਤੇ ਗਏ | ਇਸੇ ਤਰ੍ਹਾਂ ਖ਼ਡੂਰ ਸਾਹਿਬ ਵਿਖੇ ਐੱਫ.ਬੀ.ਓਜ਼ ਲਈ ਜਾਗਰੂਕਤਾ ਵਰਕਸ਼ਾਪ ਕਰਵਾਈ ਗਈ ਅਤੇ ਸਾਰੀਆਂ ਐੱਫ.ਬੀ.ਓਜ਼. ਨੂੰ ਸਫ਼ਾਈ ਬਣਾਈ ਰੱਖਣ ਲਈ ਹਦਾਇਤ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੂੰ ਮਿਲਾਵਟ ਤੋਂ ਬਚਣ, ਤੇਲ ਨੂੰ ਦੁਬਾਰਾ ਨਾ ਤਲਣ, ਫੂਡ ਆਈਟਮਾਂ ਨੂੰ ਢੱਕ ਕੇ ਰੱਖਣ ਅਤੇ ਤਿਆਰ ਖਾਣਾ ਠੀਕ ਤਾਪਮਾਨ 'ਤੇ ਰੱਖਣ ਲਈ ਕਿਹਾ ਗਿਆ | ਇਸ ਦੌਰਾਨ ਫੂਡ ਸੇਫਟੀ ਆਨ ਵ੍ਹੀਲਜ਼ ਰਾਹੀਂ ਜਾਗਰੂਕਤਾ ਮੁਹਿੰਮ ਵੀ ਤਿੰਨ ਹਿੱਸਿਆਂ ਵਿਚ ਜਾਗਰੂਕਤਾ, ਟੈਸਟਿੰਗ ਅਤੇ ਟ੍ਰੇਨਿੰਗ ਨਾਲ ਜਾਰੀ ਰੱਖੀ ਗਈ |