ਤਰਨ ਤਾਰਨ, 12 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਦੀ ਪੁਲਿਸ ਵਲੋਂ ਹੈਰੋਇਨ, ਚੋਰੀ ਦੇ ਮੋਟਰਸਾਈਕਲ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਸਿਟੀ ਤਰਨ ਤਾਰਨ ਦੇ ਸਬ ਇੰਸਪੈਕਟਰ ਤਾਨੀਆ ਹਾਂਡਾ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਗੁਰਪ੍ਰੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਗੋਹਲਵੜ੍ਹ ਨੂੰ 6 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਚੋਹਲਾ ਸਾਹਿਬ ਦੇ ਏ.ਐਸ.ਆਈ. ਭਗਵੰਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਟੀ-ਪੁਆਇਟ ਨਿੱਕਾ ਚੋਹਲਾ ਸਾਹਿਬ ਮੌਜੂਦ ਸਨ ਕਿ ਉਨ੍ਹਾਂ ਨੂੰ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਅਵਤਾਰ ਸਿੰਘ ਉਰਫ ਕੁੰਡੀ ਪੁੱਤਰ ਜਸਬੀਰ ਸਿੰਘ ਵਾਸੀ ਚੰਬਾ ਕਲਾਂ, ਜੋ ਚੋਰੀਆ ਕਰਨ ਦਾ ਆਦੀ ਹੈ ਅਤੇ ਅੱਜ ਵੀ ਇਕ ਚੋਰੀ ਦਾ ਮੋਟਰਸਾਈਕਲ ਬਿੰਨਾ ਨੰਬਰੀ ਮਾਰਕਾ ਹੀਰੋ ਲੈ ਕੇ ਵੇਚਣ ਲਈ ਗਾਹਕ ਦੀ ਤਲਾਸ਼ ਵਿਚ ਚੋਹਲਾ ਸਾਹਿਬ ਦੇ ਏਰੀਏ ਵਿਚ ਘੁੰਮ ਰਿਹਾ ਹੈ | ਜਿਸ 'ਤੇ ਪੁਲਿਸ ਪਾਰਟੀ ਵਲੋਂ ਅਵਤਾਰ ਸਿੰਘ ਉਰਫ ਕੁੰਡੀ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਬਰਾਮਦ ਕੀਤਾ ਹੈ | ਇਸੇ ਤਰ੍ਹਾਂ ਥਾਣਾ ਚੋਹਲਾ ਸਾਹਿਬ ਦੇ ਏ.ਐਸ.ਆਈ. ਰਣਜੀਤ ਸਿੰਘ ਨੇ ਗਸ਼ਤ ਦੇ ਸੰਬੰਧ ਵਿਚ ਸਮਸ਼ਾਨਘਾਟ ਚੋਹਲਾ ਸਾਹਿਬ ਨਜ਼ਦੀਕ ਇਕ ਵਿਅਕਤੀ ਜੋ ਕਿ ਬੈਠ ਕੇ ਸਿਲਵਰ ਪੇਪਰ ਪੰਨੀ 'ਤੇ ਹੈਰੋਇਨ ਦਾ ਸੇਵਨ ਕਰ ਰਿਹਾ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰਕੇ ਉਸ ਪਾਸੋਂ ਇਕ ਹੈਰੋਇਨ ਨਾਲ ਲਿੱਬੜੀ ਸਿਲਵਰ ਪੇਪਰ ਪੰਨੀ, ਇਕ ਲਾਈਟਰ, 10 ਰੁਪਏ ਦੇ ਨੋਟ ਦੀ ਪਾਈਪ ਬਰਾਮਦ ਕੀਤੀ ਹੈ | ਫੜੇ ਗਏ ਵਿਅਕਤੀ ਦੀ ਪਛਾਣ ਪ੍ਰਭਜੀਤ ਸਿੰਘ ਉਰਫ਼ ਲੱਟਾ ਪੁੱਤਰ ਬਲਦੇਵ ਸਿੰਘ ਵਾਸੀ ਪਲਾਟ ਚੋਹਲਾ ਸਾਹਿਬ ਵਜੋਂ ਹੋਈ ਹੈ | ਥਾਣਾ ਗੋਇੰਦਵਾਲ ਸਾਹਿਬ ਦੇ ਏ.ਐਸ.ਆਈ. ਜਸਪਾਲ ਸਿੰਘ ਨੇ ਗਸ਼ਤ ਦੌਰਾਨ ਰੇਲਵੇ ਸਟੇਸ਼ਨ ਕੋਲੋਂ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਤਾਂ 5.65 ਗ੍ਰਾਮ ਹੈਰੋਇਨ, 670 ਰੁਪਏ ਡਰੱਗ ਮਨੀ ਭਾਰਤੀ ਕਰੰਸੀ ਬਰਾਮਦ ਕੀਤੀ | ਫੜੇ ਗਏ ਵਿਅਕਤੀ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਖਡੂਰ ਸਾਹਿਬ ਵਾਸੀ ਖਡੂਰ ਸਾਹਿਬ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਹਰੀਕੇ ਦੇ ਸਬ ਇੰਸਪੈਕਟਰ ਐਸ.ਐਚ.ਓ. ਬਲਬੀਰ ਸਿੰਘ ਗਸ਼ਤ ਦੇ ਸੰਬੰਧ ਪੁਲ ਡਰੇਨ ਪਨਗੋਟਾ ਵਿਖੇ ਮੌਜੂਦ ਸਨ ਤਾਂ ਇਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੀ ਪੈਂਟ ਦੀ ਜੇਬ ਵਿਚੋਂ ਕੁਝ ਚੀਜ ਸੁੱਟ ਕੇ ਖਿਸਕਣ ਲੱਗਾ, ਜਿਸ 'ਤੇ ਪੁਲਿਸ ਪਾਰਟੀ ਵਲੋਂ ਸ਼ੱਕ ਪੈਣ 'ਤੇ ਉਸ ਵਲੋਂ ਸੁੱਟੀ ਗਈ ਵਸਤੂ ਦੀ ਜਾਂਚ ਕੀਤੀ ਤਾਂ ਉਸ ਵਿਚੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਉਰਫ਼ ਗੰਜੂ ਪੁੱਤਰ ਨਿਰਮਲ ਸਿੰਘ ਵਾਸੀ ਪਨਗੋਟਾ ਵਜੋਂ ਹੋਈ |