ਤਰਨ ਤਾਰਨ, 12 ਅਪ੍ਰੈਲ (ਪਰਮਜੀਤ ਜੋਸ਼ੀ)-ਐਤਵਾਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਉਨ੍ਹਾਂ ਨਾਲ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ | ਕਣਕ ਦੀ ਖ਼ਰੀਦ ਸ਼ੁਰੂ ਕਰਵਾਉਣ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕਣਕ ਨੂੰ ਸੁਕਾ ਕੇ ਅਤੇ ਪਕਾ ਕੇ ਲਿਆਉਣ, ਤਾਂ ਜੋ ਉਨ੍ਹਾਂ ਨੂੰ ਖ਼ਰੀਦ ਵਿਚ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਪਣੀ ਫ਼ਸਲ ਨੂੰ ਸੁਕਾ ਪਕਾ ਕੇ ਲਿਆਵੇਗਾ ਤਾਂ ਜਿਥੇ ਉਸ ਨੂੰ ਕਣਕ ਦਾ ਸਹੀ ਮੁੱਲ ਮਿਲੇਗਾ ਅਤੇ ਉਥੇ ਉਹ ਆਪਣੀ ਕਣਕ ਵੇਚ ਕੇ ਆਪਣੇ ਘਰ ਜਲਦੀ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੀ ਖ਼ਰੀਦ ਸੰਬੰਧੀ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਮੰਡੀਆਂ ਵਿਚ ਕਣਕ ਦੀ ਖ਼ਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ | ਕਿਸਾਨਾਂ ਨੂੰ ਖ਼ਰੀਦ ਸਮੇਂ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੰਡੀਆਂ ਵਿਚ ਛਾਂ, ਲਾਈਟਾਂ, ਪੀਣ ਵਾਲੇ ਪਾਣੀ ਅਤੇ ਸਫ਼ਾਈ ਦੇ ਵੀ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਅੱਜ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਵੀ ਆਉਣਾ ਸੀ, ਉਨ੍ਹਾਂ ਨੂੰ ਕੁਝ ਜ਼ਰੂਰੀ ਕੰਮ ਹੋਣ ਕਰਕੇ ਉਹ ਅੱਜ ਇਥੇ ਨਹੀਂ ਪਹੁੰਚ ਸਕੇ | ਵਰਣਯੋਗ ਹੈ ਕਿ ਅੱਜ ਦੀ ਖ਼ਰੀਦ ਸਮੇਂ ਮੰਡੀ ਵਿਚ ਆਈ ਕਣਕ ਵਿਚੋਂ ਜ਼ਿਆਦਾਤਰ ਢੇਰੀਆਂ ਗਿੱਲੀਆਂ ਸਨ, ਜਿਸ ਨੂੰ ਮੰਡੀ ਵਿਚ ਖਿਲਾਰ ਕੇ ਸੁੱਕਣੇ ਪਾਇਆ ਗਿਆ ਹੈ | ਇਸ ਲਈ ਕਿਸਾਨਾਂ ਨੂੰ ਕਣਕ ਖ਼ਰੀਦ ਏਜੰਸੀਆਂ ਨੇ ਅਪੀਲ ਕੀਤੀ ਕਿ ਖੱਜਲ ਖੁਆਰੀ ਹੋਣ ਤੋਂ ਬਚਣ ਲਈ ਕਿਸਾਨ ਘਰੋਂ ਹੀ ਆਪਣੀ ਫ਼ਸਲ ਨੂੰ ਸੁਕਾ ਕੇ ਮੰਡੀਆਂ ਵਿਚ ਲਿਆਉਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਤਰਨ ਤਾਰਨ ਦੇ ਚੇਅਰਮੈਨ ਕੁਲਦੀਪ ਸਿੰਘ ਰੰਧਾਵਾ, ਨਵਦੀਪ ਸਿੰਘ ਏ.ਐਫ.ਐਸ.ਓ. ਤਰਨ ਤਾਰਨ, ਦਿਲਬਾਗ ਸਿੰਘ ਬਾਠ ਪ੍ਰਧਾਨ ਆੜ੍ਹਤੀ ਐਸੋ. ਤਰਨ ਤਾਰਨ, ਅਮਰਿੰਦਰ ਸਿੰਘ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਤਰਨ ਾਰਨ, ਵਿਸ਼ਾਲ ਮਹਾਜਨ ਇੰਸਪੈਕਟਰ ਪਨਗ੍ਰੇਨ, ਅੰਮਿ੍ਤਪਾਲ ਸਿੰਘ ਮੈਨੇਜ਼ਰ ਮਾਰਕਫੈੱਡ ਤਰਨ ਤਾਰਨ, ਇੰਸ. ਸਾਹਿਬ ਸਿੰਘ ਵੇਅਰਹਾਊਸ, ਇੰਸ. ਅਵਤਾਰ ਸਿੰਘ ਪਨਸਪ, ਸਮਸ਼ੇਰ ਸਿੰਘ ਮੈਨੇਜ਼ਰ ਮਾਰਕਫੈਡ ਚੋਹਲਾ ਸਾਹਿਬ, ਸੁਰਜੀਤ ਸਿੰਘ ਚੋਹਲਾ, ਪਵੇਲ ਸਿੰਘ ਪੰਨੂੰ ਜਨਰਲ ਸਕੱਤਰ, 'ਆਪ' ਆਗੂ ਹਰਜਿੰਦਰ ਸਿੰਘ ਆੜ੍ਹਤੀ, ਗੁਰਿੰਦਰ ਸਿੰਘ ਲਾਲੀ ਚਾਚਾ, ਪੀ.ਏ. ਨਿਸ਼ਾਨ ਸਿੰਘ, ਕਸ਼ਮੀਰ ਸਿੰਘ ਲਾਲਪੁਰਾ, ਗੁਰਲਾਲ ਸਿੰਘ ਲਾਲੀ ਖਜਾਨਚੀ, ਕੁਲਦੀਪ ਸਿੰਘ ਢਿੱਲੋਂ, ਹੰਸ ਰਾਜ ਚੌਧਰੀ, ਹਰਵਿੰਦਰ ਸਿੰਘ ਮਾਣੋਚਾਲ੍ਹ, ਅਰੁਣ ਕੁਮਾਰ ਗੋਲਡੀ, ਭਾਗ ਸਿੰਘ ਗਿੱਲ ਆਦਿ ਹਾਜ਼ਰ ਸਨ |