ਤਰਨ ਤਾਰਨ, 18 ਅਪ੍ਰੈਲ (ਇਕਬਾਲ ਸਿੰਘ ਸੋਢੀ)-ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਗੂ ਨੇ ਗੱਲਬਾਤ ਦੌਰਾਨ ਕਿਹਾ ਕਿ ਬਿਜਲੀ ਬੋਰਡ ਪਾਵਰ ਕੱਟਾਂ ਦੇ ਨਾਂਅ 'ਤੇ ਲੋਕਾਂ ਨੂੰ ਭਾਰੀ ਤੰਗ ਪ੍ਰੇਸ਼ਾਨ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਕਣਕ ਦੇ ਸੀਜਨ ਨੂੰ ਮੁੱਖ ਰੱਖਦਿਆਂ ਬਿਜਲੀ ਬੋਰਡ 8 ਵਜੇ ਤੋਂ 7 ਵਜੇ ਤੱਕ ਕਣਕ ਦੀ ਫਸਲ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਬੰਦ ਰੱਖਣ ਨਾਲ ਲੋਕ ਸਹਿਮਤ ਹਨ ਪਰ ਪਾਵਰ ਕੱਟਾਂ ਦੇ ਨਾਂਅ 'ਤੇ ਕਰੀਬ 10 ਵਜੇ ਰਾਤ ਤੱਕ ਕਦੇ ਕਦੇ 12 ਵਜੇ ਰਾਤ ਤੱਕ ਬਿਜਲੀ ਦੇ ਸਪਲਾਈ ਬੰਦ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਫੈਸਲਾ ਤੁਰੰਤ ਵਾਪਸ ਲੈ ਜਾਵੇ ਅਤੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਸਮੇਂ ਸਿਰ ਦਿੱਤੀ ਜਾਵੇ ਤਾਂ ਜੋ ਪਿੰਡਾਂ ਵਿਚ ਰਹਿਣ ਵਾਲੇ ਲੋਕ ਮੱਛਰ ਨਾਲ ਫੈਲ ਰਹੀਆਂ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚ ਸਕਣ ਅਤੇ ਆਪਣੇ ਮਾਲ ਡੰਗਰਾਂ ਨੂੰ ਸਮੇਂ ਸਿਰ ਪਾਣੀ ਪਿਲਾ ਸਕਣ | ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਦੇ ਅਧਿਕਾਰੀਆਂ ਨੇ ਬਿਜਲੀ ਦੀ ਸਪਲਾਈ ਨੂੰ ਠੀਕ ਢੰਗ ਨਾਲ ਨਾ ਦਿੱਤੀ ਤਾਂ ਲੋਕਾਂ ਨੂੰ ਬਿਜਲੀ ਦਫਤਰਾਂ ਮੂਹਰੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਾ ਪਵੇਗਾ | ਇਸ ਮੌਕੇ ਨਰਿੰਦਰ ਸਿੰਘ ਰਟੌਲ, ਗੁਰਪ੍ਰਤਾਪ ਸਿੰਘ ਬਾਠ, ਸੁਖਦੇਵ ਸਿੰਘ ਜਵੰਦਾ, ਮੰਗਲ ਸਿੰਘ ਜਵੰਦਾ, ਕੁਲਦੀਪ ਸਿੰਘ ਮਾਣੋਚਾਹਲ, ਰੇਸ਼ਮ ਸਿੰਘ ਫੈਲੋਕੇ ਆਦਿ ਹਾਜ਼ਰ ਸਨ |