ਤਰਨ ਤਾਰਨ, 19 ਅਪ੍ਰੈਲ (ਹਰਿੰਦਰ ਸਿੰਘ)-ਥਾਣਾ ਵਲਟੋਹਾ ਦੀ ਪੁਲਿਸ ਵਲੋਂ ਭਾਰੀ ਅਸਲੇ ਸਮੇਤ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਇਸ ਸੰਬੰਧੀ ਐਸ. ਐਸ. ਪੀ. ਸੁਰਿੰਦਰ ਲਾਂਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਵਲਟੋਹਾ ਦੇ ਸਬ ਇੰਸਪੈਕਟਰ ਜੱਸਾ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਕਲੰਜਰ ਡਰੇਨ ਪੱਟੜੀ ਨਜ਼ਦੀਕ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ | ਇਸ ਦੌਰਾਨ ਸਾਹਮਣੇ ਤੋਂ ਇਕ ਐਕਸ. ਯੂ. ਵੀ. 500 ਗੱਡੀ ਆਈ, ਜਿਸ ਨੂੰ ਪੁਲਿਸ ਪਾਰਟੀ ਨੇ ਰੋਕ ਕੇ ਅੰਦਰ ਬੈਠੇ ਤਿੰਨ ਵਿਅਕਤੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਵਿਚ ਸ਼ਾਮਿਲ ਲਵਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਆਸਲ ਉਤਾੜ ਕੋਲੋਂ ਇਕ ਡੀ. ਬੀ. ਬੀ. ਐਲ. 12 ਬੋਰ ਰਾਈਫਲ, ਜਸਬੀਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਵਾਰਡ ਨੰਬਰ 1 ਖੇਮਕਰਨ ਪਾਸੋਂ 1 ਡੀ. ਬੀ. ਬੀ. ਐਲ. 12 ਬੋਰ ਰਾਈਫਲ ਅਤੇ ਇਕ ਪਿਸਟਲ ਜਗਾਨਾ 30 ਬੋਰ ਸਮੇਤ ਮੈਗਜੀਨ ਤੇ 10 ਰੌਦ 30 ਬੋਰ ਤੇ ਅੰਮਿ੍ਤਪਾਲ ਸਿੰਘ ਪੁੱਤਰ ਨਿਰਵੈਲ ਸਿੰਘ ਵਾਸੀ ਭੂਰਾ ਕੋਹਨਾ ਪਾਸੋਂ ਇਕ ਦੇਸੀ ਕੱਟਾ 315 ਬੋਰ ਤੇ ਗੱਡੀ 'ਚੋਂ 30 ਰੌਂਦ 12 ਬੌਰ, ਇਕ ਡੋਗਲ ਤੇ 20 ਰੌਂਦ 315 ਬੋਰ ਗੱਟੇ ਦੇ ਬਰਾਮਦ ਹੋਏ | ਇਸ ਸੰਬੰਧੀ ਸਬ ਇੰਸਪੈਕਟਰ ਜੱਸਾ ਸਿੰਘ ਵਲੋਂ ਥਾਣਾ ਵਲਟੋਹਾ ਵਿਖੇ ਉਕਤ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੀ ਗੱਡੀ ਐਕਸ. ਯੂ. ਵੀ. 500 ਵੀ ਬਰਾਮਦ ਕਰਕੇ ਅਗਲੇਰੀ ਕਾਰਵਾਈ ਤਫਤੀਸ਼ ਵਿਚ ਲਿਆਂਦੀ ਜਾ ਰਹੀ ਹੈ |