ਪੱਟੀ, 19 ਅਪ੍ਰੈਲ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸਥਾਨਕ ਸਹਿਰ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਕੈਰੋਂ ਨੇੜੇ ਪੁਲਿਸ ਅਤੇ ਦੋ ਬਦਮਾਸ਼ਾਂ ਵਿਚਕਾਰ ਮਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਦੋਵਾਂ ਪਾਸਿਆਂ ਵਲੋਂ ਹੋਈ ਤਾਬੜਤੋੜ ਫਾਇਰਿੰਗ ਦੌਰਾਨ ਪੁਲਿਸ ਦੀ ਗੱਡੀ 'ਤੇ ਗੋਲੀਆਂ ਲੱਗੀਆਂ, ਜਦਕਿ ਜਵਾਬੀ ਕਾਰਵਾਈ ਵਿਚ ਦੋਵੇਂ ਮੁਲਜ਼ਮਾਂ ਦੀਆਂ ਲੱਤਾਂ 'ਚ ਗੋਲੀਆਂ ਲੱਗਣ ਨਾਲ ਉਹ ਜ਼ਖ਼ਮੀ ਹੋ ਗਏ | ਜ਼ਖ਼ਮੀ ਮੁਲਜ਼ਮਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ | ਪੁਲਿਸ ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਥਾਣਾ ਸਿਟੀ ਪੱਟੀ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪ੍ਰਭ ਦਾਸੂਵਾਲ ਦੇ ਦੋ ਸਾਥੀ ਪਿੰਡ ਕੈਰੋਂ ਨੇੜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਮੋਟਰਸਾਈਕਲ 'ਤੇ ਘੁੰਮ ਰਹੇ ਹਨ | ਇਸ ਸੂਚਨਾ ਦੇ ਅਧਾਰ 'ਤੇ ਐਸ. ਐਸ. ਪੀ. ਸੁਰਿੰਦਰ ਲਾਂਬਾ ਦੇ ਹੁਕਮਾਂ ਅਨੁਸਾਰ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਅਤੇ ਪੁਲਿਸ ਚੌਕੀ ਕੈਰੋਂ ਦੀ ਟੀਮ ਨੇ ਇਲਾਕੇ 'ਚ ਗਸ਼ਤ ਤੇਜ਼ ਕਰ ਦਿੱਤੀ | ਜਦੋਂ ਪੁਲਿਸ ਪਾਰਟੀ ਪਿੰਡ ਕੈਰੋਂ ਵਿਖੇ ਘਰਾਟ ਨੇੜੇ ਪਹੁੰਚੀ ਤਾਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ | ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ਪਾਰਟੀ ਨੂੰ ਦੇਖਦੇ ਹੀ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ | ਪੁਲਿਸ ਨੇ ਆਪਣੇ ਬਚਾਅ ਵਿਚ ਜਵਾਬੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਵੇਂ ਮੁਲਜ਼ਮ ਜ਼ਖ਼ਮੀ ਹੋ ਗਏ | ਪੁਲਿਸ ਨੇ ਮੌਕੇ ਤੋਂ ਦੋ ਪਿਸਤੌਲ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ | ਸੂਤਰਾਂ ਅਨੁਸਾਰ ਮੁਲਜ਼ਮਾਂ ਦੀ ਪਛਾਣ ਅਮਨ ਕੁਮਾਰ ਉਰਫ ਅਮਨ ਨਿਵਾਸੀ ਖੇਮਕਰਨ ਤੇ ਲਵਪ੍ਰੀਤ ਸਿੰਘ ਉਰਫ ਲੱਭਾ ਨਿਵਾਸੀ ਵਲਟੋਹਾ ਵਜੋਂ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਵਿਦੇਸ਼ 'ਚ ਬੈਠੇ ਪ੍ਰਭ ਦਾਸੂਵਾਲ ਦੇ ਇਸ਼ਾਰੇ 'ਤੇ ਲੋਕਾਂ ਤੋਂ ਫਿਰੌਤੀਆਂ ਮੰਗਦੇ ਸਨ | ਘਟਨਾ ਦੀ ਸੂਚਨਾ ਮਿਲਣ 'ਤੇ ਐਸ. ਐਸ. ਪੀ. ਸੁਰਿੰਦਰ ਲਾਂਬਾ ਸਮੇਤ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ |
ਕੈਰੋਂ ਨੇੜੇ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਗੋਲੀ ਲੱਗਣ ਨਾਲ ਦੋ ਮੁਲਜ਼ਮ ਜ਼ਖ਼ਮੀ <br/>
ਅਜੀਤ ਡੈਸਕ
20-04-2026