ਖਡੂਰ ਸਾਹਿਬ, 19 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਵਿਚ ਪਰਾਲੀ ਸਾੜਨ ਦੀ ਸਮੱਸਿਆ ਦੇ ਵਿਚਕਾਰ ਪਿੰਡ ਜਲਾਲਾਬਾਦ (ਡੇਰਾ ਸੋਹਲ) ਦੇ ਪ੍ਰਗਤੀਸ਼ੀਲ ਕਿਸਾਨ ਹਰਭਜਨ ਸਿੰਘ ਨੇ ਇਕ ਨਵੀਂ ਸੋਚ ਨਾਲ ਮਿਸਾਲ ਕਾਇਮ ਕੀਤੀ ਹੈ | ਉਹ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਨਾ ਸਿਰਫ ਵਾਤਾਵਰਣ ਦੀ ਰੱਖਿਆ ਕਰ ਰਿਹਾ ਹੈ, ਸਗੋਂ ਖੇਤੀ ਦੀ ਲਾਗਤ ਵੀ ਘਟਾ ਰਿਹਾ ਹੈ | ਹਰਭਜਨ ਸਿੰਘ ਨੇ ਦੱਸਿਆ ਕਿ ਤਕਰੀਬਨ 10 ਸਾਲ ਪਹਿਲਾਂ ਉਹ ਵੀ ਪਰਾਲੀ ਨੂੰ ਅੱਗ ਲਗਾਉਂਦਾ ਸੀ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਘਟਦੀ ਸੀ ਅਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਸੀ, ਪਰ ਖੇਤੀਬਾੜੀ ਵਿਭਾਗ ਸਰਕਲ ਇੰਚਾਰਜ ਜਲਾਲਾਬਾਦ ਡਾ. ਯਾਦਵਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੇ ਨਵੀਂ ਤਕਨੀਕਾਂ ਜਿਵੇਂ ਕਿ ਹੈਪੀ ਸੀਡਰ ਅਤੇ ਸੁਪਰ ਐਸ.ਐਮ.ਐਸ ਦੀ ਵਰਤੋਂ ਸ਼ੁਰੂ ਕੀਤੀ | ਉਸ ਅਨੁਸਾਰ ਇਸ ਤਰੀਕੇ ਨਾਲ ਖੇਤ ਵਿਚ ਹੀ ਪਰਾਲੀ ਨੂੰ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ, ਜਿਸ ਨਾਲ ਮਿੱਟੀ ਦੀ ਨਮੀ ਬਣੀ ਰਹਿੰਦੀ ਹੈ ਅਤੇ ਜੈਵਿਕ ਪਦਾਰਥ ਵਧਦਾ ਹੈ | ਇਸ ਨਾਲ ਖ਼ਾਦ ਦੀ ਲੋੜ ਵੀ ਘਟਦੀ ਹੈ ਅਤੇ ਫ਼ਸਲ ਦੀ ਪੈਦਾਵਾਰ ਵਿਚ ਵੀ ਸੁਧਾਰ ਆਇਆ | ਹਰਭਜਨ ਸਿੰਘ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਸਿਰਫ ਨੁਕਸਾਨ ਹੀ ਹੁੰਦਾ ਹੈ | ਜੇਕਰ ਅਸੀਂ ਨਵੀਂ ਤਕਨੀਕ ਅਪਣਾਈਏ ਤਾਂ ਇਹੀ ਪਰਾਲੀ ਸਾਡੇ ਲਈ ਖ਼ਾਦ ਬਣ ਸਕਦੀ ਹੈ | ਪਿੰਡ ਦੇ ਹੋਰ ਕਿਸਾਨ ਵੀ ਹੁਣ ਉਸ ਤੋਂ ਪ੍ਰੇਰਿਤ ਹੋ ਰਹੇ ਹਨ ਅਤੇ ਪਰਾਲੀ ਨਾ ਸਾੜਨ ਵੱਲ ਵੱਧ ਰਹੇ ਹਨ | ਖੇਤੀਬਾੜੀ ਅਧਿਕਾਰੀ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫਸਰ ਖਡੂਰ ਸਾਹਿਬ ਨੇ ਵੀ ਹਰਭਜਨ ਸਿੰਘ ਦੀ ਪ੍ਰਸੰਸਾ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੀ ਇਹ ਮਾਡਲ ਅਪਣਾਉਣ ਦੀ ਅਪੀਲ ਕੀਤੀ | ਇਸ ਤਰ੍ਹਾਂ ਹਰਭਜਨ ਸਿੰਘ ਨੇ ਸਾਬਿਤ ਕੀਤਾ ਹੈ ਕਿ ਜੇ ਕਿਸਾਨ ਚਾਹੇ ਤਾਂ ਪਰਾਲੀ ਦੀ ਸਮੱਸਿਆ ਦਾ ਹੱਲ ਖ਼ੁਦ ਕਰ ਸਕਦਾ ਹੈ ਅਤੇ ਵਾਤਾਵਰਣ ਦੀ ਸੰਭਾਲ ਦੇ ਨਾਲ-ਨਾਲ ਆਪਣੀ ਆਮਦਨ ਵਿਚ ਵੀ ਵਾਧਾ ਕਰ ਸਕਦਾ ਹੈ | ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਬੀਤੇ ਦਿਨੀਂ ਖੇਤੀਬਾੜੀ ਦਫ਼ਤਰ ਖਡੂਰ ਸਾਹਿਬ ਵਿਖੇ ਲਗਾਏ ਗਏ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਉਪ ਮੰਡਲ ਮੈਜਿਸਟਰੇਟ ਖਡੂਰ ਸਾਹਿਬ ਸੰਜੀਵ ਸ਼ਰਮਾ ਨੇ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਵਾਲੇ 25 ਕਿਸਾਨਾਂ ਨੂੰ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ ਇਹ ਖੇਤੀਬਾੜੀ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ | ਇਸ ਤਰ੍ਹਾਂ ਪ੍ਰਸੰਸਾ ਪੱਤਰ ਦੇ ਨਾਲ ਕਿਸਾਨਾਂ ਵਿਚ ਉਤਸ਼ਾਹ ਵਧਿਆ ਹੈ ਅਤੇ ਉਹ ਬਾਕੀ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ | ਇਸ ਮੌਕੇ ਉਨ੍ਹਾਂ ਨਾਲ ਡਾ. ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਗੁਰਪ੍ਰਤਾਪ ਸਿੰਘ, ਕਮਲਜੀਤ ਕੌਰ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨ ਹਾਜ਼ਰ ਸਨ |