ਤਰਨ ਤਾਰਨ, 21 ਅਪ੍ਰੈਲ (ਇਕਬਾਲ ਸਿੰਘ ਸੋਢੀ)-ਇਕ ਪਾਸੇ ਜਿਥੇ ਮੌਜੂਦਾ 'ਆਪ' ਦੀ ਸਰਕਾਰ ਲੋਕਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਅਤੇ ਵਿਕਾਸ ਕਾਰਜਾਂ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਜੋ ਕਿ ਖੋਖਲੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ | ਇਸ ਦੀ ਤਾਜ਼ਾ ਮਿਸਾਲ ਕਸਬਾ ਮੁਰਾਦਪੁਰਾ ਤੋਂ ਮਿਲਦੀ ਹੈ, ਜਿਥੋਂ ਦੇ ਵੱਡੇ ਗੁਰਦੁਆਰਾ ਸਾਹਿਬ ਵਾਲੀ ਗਲੀ, ਜਿਸ ਦਾ ਨਿਰਮਾਣ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ | ਇਸ ਗਲੀ ਵਿਚ ਸੀਵਰੇਜ ਦੀਆਂ ਹੋਦੀਆਂ ਬਣਾਉਣ ਲਈ ਪੁੱਟੇ ਗਏ ਟੋਇਆਂ ਉਪਰ ਢੱਕਣ ਨਾ ਲਗਾਏ ਜਾਣ ਕਾਰਨ ਇਹ ਟੋਏ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਪ੍ਰੰਤੂ ਸੰਬੰਧਿਤ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ | ਜ਼ਿਕਰਯੋਗ ਹੈ ਕਿ ਗਲੀ ਵੱਡੇ ਗੁਰਦੁਆਰਾ ਸਾਹਿਬ ਕਸਬਾ ਮੁਰਾਦਪੁਰਾ ਵਾਰਡ ਨੰਬਰ 16 ਵਿਚ ਗਲੀ ਨੂੰ ਇੰਟਰਲਾਕ ਟਾਇਲਾਂ ਨਾਲ ਬਣਾਉਣ ਲਈ ਪੁੱਟਿਆ ਗਿਆ ਸੀ, ਪ੍ਰੰਤੂ ਕੰਮ ਦੀ ਗਤੀ ਬਹੁਤ ਜ਼ਿਆਦਾ ਹੌਲੀ ਹੋਣ ਕਾਰਨ ਕਈ ਮਹੀਨਿਆਂ ਬਾਅਦ ਇਹ ਗਲੀ ਮੁਕੰਮਲ ਹੋਈ, ਜਿਸ ਕਾਰਨ ਉਸ ਸਮੇਂ ਲੋਕਾਂ ਨੂੰ ਜਿਥੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸੰਬੰਧਿਤ ਠੇਕੇਦਾਰ ਵਲੋਂ ਗਲੀ ਵਿਚ ਬਣਾਈਆਂ ਜਾ ਰਹੀਆਂ ਹੋਦੀਆਂ ਨੂੰ ਪੁੱਟ ਤਾਂ ਦਿੱਤਾ ਗਿਆ ਹੈ, ਪਰ ਇਨ੍ਹਾਂ ਹੋਦੀਆਂ ਉਪਰ ਸਲੈ੍ਹਬਾਂ ਆਦਿ ਨਹੀਂ ਰੱਖੀਆਂ ਗਈਆਂ ਅਤੇ ਕੰਮ ਨੂੰ ਅੱਧ ਵਿਚਾਲੇ ਛੱਡ ਕੇ ਸੰਬੰਧਿਤ ਠੇਕੇਦਾਰ ਚਲਾ ਗਿਆ ਹੈ | ਹਨੇਰੇ ਸਵੇਰੇ ਇਨ੍ਹਾਂ ਪੁੱਟੀਆਂ ਹੋਈਆਂ ਹੋਦੀਆਂ ਵਿਚ ਕੋਈ ਵੀ ਵਿਅਕਤੀ ਜਾਂ ਬੱਚੇ ਡਿੱਗ ਸਕਦਾ ਹੈ | ਇਸ ਸੰਬੰਧੀ ਮੁਹੱਲਾ ਨਿਵਾਸੀਆਂ ਵਲੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ | ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਇਕ ਬੱਚੇ ਗਲੀ ਵਿਚ ਖੇਡ ਰਿਹਾ ਸੀ, ਜੋ ਕਿ ਇਨ੍ਹਾਂ ਪੁੱਟੀਆਂ ਹੋਦੀ ਵਿਚ ਜਾ ਡਿੱਗਾ, ਜਿਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ, ਕਿਉਂਕਿ ਬੱਚੇ ਅਕਸਰ ਹੀ ਇਸ ਗਲੀ ਵਿਚ ਖੇਡਦੇ ਰਹਿੰਦੇ ਹਨ, ਉਥੇ ਗਲੀ ਵਿਚ ਆਵਾਜਾਈ ਜ਼ਿਆਦਾ ਰਹਿੰਦੀ ਹੈ, ਜਿਸ ਕਾਰਨ ਕਿਸੇ ਸਮੇਂ ਵੀ ਕੋਈ ਵਾਹਨ ਜਾਂ ਕੋਈ ਵਿਅਕਤੀ ਇਸ ਵਿਚ ਡਿੱਗ ਸਕਦਾ ਹੈ ਅਤੇ ਉਸ ਸਰੀਰਕ ਨੁਕਸਾਨ ਹੋ ਸਕਦਾ ਹੈ | ਇਸ ਸੰਬੰਧੀ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਜ਼ੋਨ ਬਾਬਾ ਬੀਰ ਸਿੰਘ ਇਕਾਈ ਮੁਰਾਦਪੁਰਾ ਦੇ ਆਗੂ ਤੇਜਿੰਦਰ ਸਿੰਘ ਮੱਲ੍ਹੀ ਦਾ ਕਹਿਣਾ ਹੈ ਕਿ ਜਿਥੇ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪ੍ਰੰਤੂ ਇਹ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ, ਪਰ ਵਿਕਾਸ ਕਾਰਜਾਂ ਤੋਂ ਲੋਕ ਸੱਖਣੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰਦੁਆਰਾ ਸਿੰਘ ਸਭਾ ਮੁਰਾਦਪੁਰਾ ਵਿਖੇ ਗੁਰਮਤਿ ਸਮਾਗਮ ਹੋਏ ਸਨ, ਪ੍ਰੰਤੂ ਇਸ ਸੀਵਰੇਜ ਦੇ ਪੁੱਟੇ ਹੋਣ ਕਾਰਨ ਸੰਗਤ ਬਹੁਤ ਖੱਜਲ ਖੁਆਰ ਹੋਈ ਅਤੇ ਪ੍ਰਸ਼ਾਸਨ ਨੂੰ ਕੋਸਦੀ ਨਜ਼ਰ ਆਈ | ਉਨ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਜਿਹੜੇ ਵੀ ਸੰਬੰਧਿਤ ਮਹਿਕਮੇਂ ਦੇ ਅਧਿਕਾਰੀ ਜਾਂ ਠੇਕੇਦਾਰ, ਜੋ ਇਸ ਲਈ ਜਿੰਮੇਵਾਰ ਹਨ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ ਨਾਲ ਗਲੀ ਵਿਚ ਜਲਦ ਤੋਂ ਜਲਦ ਪੁੱਟੀਆਂ ਹੋਈਆਂ ਹੋਦੀਆਂ 'ਤੇ ਸਲ੍ਹੈਬਾਂ ਪਾਈਆਂ ਜਾਣ, ਤਾਂ ਜੋ ਕਿ ਇਨ੍ਹਾਂ ਹੋਦੀਆਂ ਵਿਚ ਬੱਚਾ ਜਾਂ ਕੋਈ ਵਿਅਕਤੀ ਡਿੱਗ ਕੇ ਜ਼ਖ਼ਮੀ ਨਾ ਹੋ ਸਕੇ |