ਤਰਨ ਤਾਰਨ, 22 ਅਪ੍ਰੈਲ (ਹਰਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਜ਼ਿਲ੍ਹਾ ਤਰਨ ਤਾਰਨ ਦਫ਼ਤਰ 'ਚ ਉਸ ਸਮੇਂ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ ਜਦੋਂ ਰਾਜੀਵ ਕੁਮਾਰ ਛਾਬੜਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਰਾਜੀਵ ਕੁਮਾਰ ਛਾਬੜਾ ਦੇ ਆਉਣ ਨਾਲ ਜ਼ਿਲ੍ਹੇ ਵਿਚ ਸਿੱਖਿਆ ਦੇ ਕਾਰਜਾਂ 'ਚ ਹੋਰ ਤੇਜ਼ੀ ਆਵੇਗੀ ਅਤੇ ਵਿਭਾਗੀ ਕੰਮਾਂ ਨੂੰ ਨਵੀਂ ਗਤੀ ਮਿਲੇਗੀ | ਅਹੁਦਾ ਸੰਭਾਲਣ ਉਪਰੰਤ ਰਾਜੀਵ ਕੁਮਾਰ ਛਾਬੜਾ ਨੇ ਕਿਹਾ ਕਿ ਉਹ ਜ਼ਿਲ੍ਹਾ ਤਰਨ ਤਾਰਨ 'ਚ ਜੁਆਇੰਨ ਹੋਣ 'ਤੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਹਨ | ਉਨ੍ਹਾਂ ਅਹਿਦ ਲਿਆ ਕਿ ਉਹ ਜ਼ਿਲ੍ਹੇ ਵਿਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ ਜਸਵਿੰਦਰ ਸਿੰਘ ਸੰਧੂ ਨੇ ਨਵੇਂ ਨਿਯੁਕਤ ਅਧਿਕਾਰੀ ਨੂੰ ਵਧਾਈ ਦਿੱਤੀ | ਡੀ.ਆਰ.ਪੀ ਤਰਨ ਤਾਰਨ ਅਨੂਪ ਸਿੰਘ ਮੈਨੀ ਨੇ ਕਿਹਾ ਕਿ ਛਾਬੜਾ ਬਹੁਤ ਹੀ ਮਿਹਨਤੀ ਇਨਸਾਨ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਜ਼ਿਲ੍ਹੇ ਦੀ ਸਿੱਖਿਆ ਪ੍ਰਣਾਲੀ ਨੂੰ ਨਵੀਂ ਦਿਸ਼ਾ ਮਿਲੇਗੀ | ਇਸ ਮੌਕੇ ਬੀ.ਈ.ਈ.ਓ ਵਲਟੋਹਾ ਪਾਰਸ ਖੁੱਲਰ, ਬੀ.ਈ.ਈ.ਓ ਤਰਨ ਤਾਰਨ ਰਜਿੰਦਰ ਕੁਮਾਰ ਤੋਂ ਇਲਾਵਾ ਸੀ.ਐੱਚ.ਟੀ ਸਾਹਿਬਾਨ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ |