ਚੋਹਲਾ ਸਾਹਿਬ, 22 ਅਪ੍ਰੈਲ (ਬਲਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਖਡੂਰ ਸਾਹਿਬ ਜਿਸ ਨੂੰ ਪੰਥਕ ਹਲਕੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਲੰਮਾ ਸਮਾਂ ਸਿਆਸੀ ਤੌਰ 'ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਤੂਤੀ ਬੋਲਦੀ ਰਹੀ ਹੈ | ਹਾਲ ਹੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵਲੋਂ ਬੀਬੀ ਰਮਨਦੀਪ ਕੌਰ ਨੂੰ ਇਸ ਹਲਕੇ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਭਰੋਸੇ 'ਚ ਲਏ ਬਿਨਾਂ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਅਕਾਲੀ ਦਲ ਵਿਚ ਵੱਡਾ ਵਿਵਾਦ ਛਿੜਦਾ ਨਜ਼ਰ ਆ ਰਿਹਾ ਹੈ | ਬੀਬੀ ਰਮਨਦੀਪ ਕੌਰ ਅਤੇ ਉਨ੍ਹਾਂ ਦੇ ਪਤੀ ਅਵਤਾਰ ਸਿੰਘ ਬਿੱਲਾ ਸੇਰੋਂ ਵਲੋਂ ਆਪਣੇ ਸਮੱਰਥਕਾਂ ਨਾਲ ਆਪਣੀ ਤਾਕਤ ਨੂੰ ਦਿਖਾਉਣ ਲਈ ਹਲਕਾ ਖਡੂਰ ਸਾਹਿਬ ਵਿਚ ਕੱਢੇ ਗਏ ਰੋਡ ਸ਼ੋਅ ਵਿਚ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਸੀਨੀਅਰ ਲੀਡਰਸ਼ਿਪ ਨੇ ਦੂਰੀ ਬਣਾਈ ਰੱਖੀ, ਜਿਸ ਕਾਰਨ ਇਸ ਹਲਕੇ 'ਚ ਅਕਾਲੀ ਦਲ ਦੀ ਧੜ੍ਹੇਬੰਦੀ ਅਤੇ ਨਾਰਾਜ਼ਗੀ ਜੱਗ ਜਾਹਿਰ ਹੋਈ ਹੈ | ਇਸ ਹਲਕੇ 'ਚ ਜਥੇਦਾਰ ਮੋਹਣ ਸਿੰਘ ਤੁੜ ਤੋਂ ਬਾਅਦ ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਨੇ ਪੰਜ ਵਾਰ ਵਿਧਾਇਕ ਦੀ ਚੋਣ ਜਿੱਤੀ ਅਤੇ ਦੋ ਵਾਰ ਮੰਤਰੀ ਬਣੇ ਅਤੇ ਇਕ ਵਾਰ ਲੋਕ ਸਭਾ ਮੈਂਬਰ ਬਣੇ | ਜਥੇਦਾਰ ਬ੍ਰਹਮਪੁਰਾ ਦੀ ਮੌਤ ਤੋਂ ਬਾਅਦ ਸਾਲ 2016 'ਚ ਉਨ੍ਹਾਂ ਦੇ ਸਪੁੱਤਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਚੋਣ ਜਿੱਤੀ | ਜਥੇ. ਰਣਜੀਤ ਸਿੰਘ ਬ੍ਰਹਮਪੁਰਾ ਦੇ ਦਿਹਾਂਤ ਤੋਂ ਬਾਅਦ ਇਸ ਹਲਕੇ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਬਤੌਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਦੇ ਆ ਰਹੇ ਸਨ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ. ਅਲਵਿੰਦਰਪਾਲ ਸਿੰਘ ਪੱਖੋਕੇ ਇਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦਾਅਵੇਦਾਰ ਮੰਨੇ ਜਾ ਰਹੇ ਸਨ | ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਮੌਜੂਦਾ ਮੈਂਬਰ ਜਥੇ. ਗੁਰਬਚਨ ਸਿੰਘ ਕਰਮੂੰਵਾਲਾ ਵੀ ਇਸ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾਅ ਰਹੇ ਸਨ | ਇਸ ਤੋਂ ਇਲਾਵਾ ਐਸ.ਐਸ. ਬੋਰਡ ਦੇ ਸਾਬਕਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਇਕਬਾਲ ਸਿੰਘ ਸੰਧੂ ਵੀ ਲੰਮੇ ਸਮੇਂ ਤੋਂ ਇਸ ਹਲਕੇ ਵਿਚ ਵਿਚਰਦੇ ਹੋਏ ਟਿਕਟ ਹਾਸਿਲ ਕਰਨਾ ਚਾਹੁੰਦੇ ਹਨ | ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਵੀ ਆਪਣੀ ਦਾਅਵੇਦਾਰੀ ਜਤਾਅ ਚੁੱਕੇ ਹਨ | ਇਨ੍ਹਾਂ ਸਾਰੇ ਸੀਨੀਅਰ ਅਕਾਲੀ ਆਗੂਆਂ ਨੂੰ ਬਾਦਲ ਨੇ ਵਿਸ਼ਵਾਸ ਅਤੇ ਭਰੋਸੇ ਵਿਚ ਨਾ ਲੈ ਕੇ ਰਮਨਦੀਪ ਕੌਰ ਨੰੂ ਹਲਕਾ ਖਡੂਰ ਸਾਹਿਬ ਦਾ ਇੰਚਾਰਜ ਨਿਯੁਕਤ ਕਰ ਦਿੱਤਾ | ਪਾਰਟੀ ਪ੍ਰਧਾਨ ਵਲੋਂ ਇਨ੍ਹਾਂ ਸਾਰਿਆਂ ਪੁਰਾਣਿਆਂ ਅਤੇ ਟਕਸਾਲੀ ਆਗੂਆਂ ਨੂੰ ਨਜ਼ਰਅੰਦਾਜ਼ ਕਰਨਾ ਆਪਣੇ ਆਪ ਵਿਚ ਵੱਡੇ ਸਵਾਲ ਖੜ੍ਹੇ ਕਰਦਾ ਹੈ, ਜਿਸ ਨੂੰ ਹਜਮ ਕਰਨਾ ਇਨ੍ਹਾਂ ਆਗੂਆਂ ਲਈ ਬਹੁਤ ਔਖਾ ਹੋਇਆ ਨਜ਼ਰ ਆ ਰਿਹਾ ਹੈ | ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਹੋਰਨਾਂ ਅਕਾਲੀ ਆਗੂਆਂ ਵਲੋਂ ਇਸ ਹਲਕੇ ਵਿਚ ਵੱਖਰੇ ਤੌਰ 'ਤੇ ਅਕਾਲੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪੰਥਕ ਹਲਕੇ ਤੋਂ ਕਿਸੇ ਵੀ ਟਕਸਾਲੀ ਆਗੂ ਜਾਂ ਸਾਫ਼ ਅਕਸ ਵਾਲੇ ਕਿਸੇ ਵੀ ਵਿਅਕਤੀ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਜਾਂਦਾ ਤਾਂ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਹੋਣਾ ਸੀ |