ਤਰਨ ਤਾਰਨ, 22 ਅਪ੍ਰੈਲ (ਹਰਿੰਦਰ ਸਿੰਘ)- ਪੰਜਾਬ ਦੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਖੇਡਣ ਪ੍ਰਤੀ ਉਤਸ਼ਾਹਿਤ ਕਰਨ ਦੇ ਮਨੋਰਥ ਨਾਲ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਧੰਨ-ਧੰਨ ਬਾਬਾ ਰਾਜਾ ਰਾਮ ਜੀ ਸ਼ਹੀਦ ਅਤੇ ਧੰਨ-ਧੰਨ ਬਾਬਾ ਬੀਰ ਸਿੰਘ ਜੀ ਸ਼ਹੀਦ ਦੀ ਯਾਦ ਵਿਚ ਪਿੰਡ ਦੇ ਐੱਨ.ਆਰ.ਆਈ. ਵੀਰਾਂ ਤੇ ਸਮੂੰਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5 ਵਾਂ ਐੱਨ.ਆਰ.ਆਈ. ਫੁੱਟਬਾਲ ਟੂਰਨਾਮੈਂਟ ਪਿੰਡ ਦੇ ਖੇਡ ਮੈਦਾਨ ਵਿਚ 22, 23 ਤੇ 24 ਅਪ੍ਰੈਲ ਨੂੰ ਜੋਸ਼ੋ ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ | ਇਸ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਢੋਟੀਆਂ ਫੁੱਟਬਾਲ ਟੀਮ ਦੇ ਖਿਡਾਰੀਆਂ ਨੇ ਦੱਸਿਆ ਕਿ ਟੂਰਨਾਮੈਂਟ ਦੇ ਉਦਘਾਟਨੀ ਸਮਾਰੋਹ ਮੌਕੇ ਗੁਰਦੁਆਰਾ ਬਾਬਾ ਰਾਜਾ ਰਾਮ ਜੀ ਸ਼ਹੀਦ ਦੇ ਮੁੱਖ ਸੇਵਾਦਾਰ ਬਾਬਾ ਤੇਜਿੰਦਰਪਾਲ ਸਿੰਘ ਤੇ ਬਾਬਾ ਸੁਖਦੇਵ ਸਿੰਘ ਹੈੱਡ ਗ੍ਰੰਥੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਬਾਬਾ ਸੁਖਦੇਵ ਸਿੰਘ ਨੇ ਖਿਡਾਰੀਆਂ ਦੀ ਚੜ੍ਹਦੀਕਲਾ ਅਤੇ ਟੂਰਨਾਮੈਂਟ ਦੀ ਸਫਲਤਾ ਲਈ ਅਰਦਾਸ ਬੇਨਤੀ ਕੀਤੀ | ਇਸ ਮੌਕੇ ਸਰੂਪ ਸਿੰਘ ਢੋਟੀਆਂ ਅੰਤਰਰਾਸ਼ਟਰੀ ਹੈਂਡਬਾਲ ਕੋਚ, ਸਤਨਾਮ ਸਿੰਘ ਯੂ.ਐੱਸ.ਏ., ਮਹਿੰਦਰ ਸਿੰਘ ਪੰਨੂ, ਮਨਜੀਤ ਸਿੰਘ ਢੋਟੀਆਂ, ਰਵਿੰਦਰ ਸਿੰਘ ਸਮਾਜ ਸੇਵੀ, ਕਰਨਪਾਲ ਸਿੰਘ, ਪਿੰਡ ਮੁਹਤਬਰਾਂ ਅਤੇ ਢੋਟੀਆਂ ਫੁੱਟਬਾਲ ਟੀਮ ਦੇ ਖਿਡਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਉਦਘਾਟਨੀ ਸਮਾਗਮ ਮੌਕੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵਲੋਂ ਬਾਬਾ ਤੇਜਿੰਦਰਪਾਲ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਉਪਰੋਕਤਤ ਸਖਸ਼ੀਅਤਾਂ ਨੇ ਨੇ ਉਦਘਾਟਨੀ ਮੈਚ ਦੀਆਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ | ਵਰਣਨਯੋਗ ਹੈ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 51 ਹਜ਼ਾਰ ਤੇ ਟਰਾਫੀ ਅਤੇ ਉਪ ਜੇਤੂ ਟੀਮ ਨੂੰ 41 ਹਜ਼ਾਰ ਰੁਪਏ ਤੇ ਟਰਾਫੀ, ਤੀਜੇ ਅਤੇ ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 7100-7100 ਨਾਲ ਟਰਾਫੀ ਦੇ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ | ਟੂਰਨਾਮੈਂਟ ਦਾ ਫਾਈਨਲ ਮੈਚ 24 ਅਪ੍ਰੈਲ ਨੂੰ ਖੇਡਿਆ ਜਾਵੇਗਾ |