ਪੱਟੀ, 22 ਅਪ੍ਰੈਲ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਵਿਚ ਏਡਜ਼ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਸੈਮੀਨਾਰ ਸਿਵਲ ਹਸਪਤਾਲ ਪੱਟੀ ਵਿਚ ਕਰਵਾਇਆ ਗਿਆ | ਏ.ਡੀ.ਸੀ. ਤਰਨ ਤਾਰਨ ਸੁਰਿੰਦਰ ਸਿੰਘ ਅਤੇ ਐੱਸ.ਡੀ.ਐੱਮ. ਪੱਟੀ ਅਮਨਦੀਪ ਸਿੰਘ ਨੇ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ | ਇਸ ਮੌਕੇ ਸਮੂਹ ਸਟਾਫ ਵਲੋਂ ਜ਼ਿਲ੍ਹੇ ਵਿਚ ਕੀਤੇ ਸਰਵੇਖਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਇਸ ਮੌਕੇ ਏ.ਡੀ.ਸੀ. ਸੁਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਜੇਕਰ ਸਮੇੇਂ ਸਿਰ ਲੋਕ ਏਡਜ਼ ਦੇ ਇਲਾਜ ਲਈ ਅੱਗੇ ਆਉਣ ਤਾਂ ਕਈ ਹੋਰਨਾਂ ਲੋਕਾਂ ਨੂੰ ਇਸਦੀ ਲਪੇਟ ਵਿਚ ਆਉਣ ਤੋਂ ਰੋਕਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਲੋਕ ਇਸ ਬਿਮਾਰੀ ਨੂੰ ਲੁਕਾ ਕੇ ਹੋਰਨਾਂ ਦੀ ਜਾਨ ਨੂੰ ਖ਼ਤਰੇ ਵਿਚ ਪਾ ਰਹੇ ਹਨ | ਉਨ੍ਹਾਂ ਕਿਹਾ ਤਰਨ ਤਾਰਨ ਜ਼ਿਲ੍ਹਾ ਪੱਛੜਿਆਂ ਹੋਇਆ ਇਲਾਕਾ ਹੈ, ਜਿੱਥੇ ਡਰਾਈਵਰ ਅਤੇ ਸਲੱਮ ਏਰੀਏ ਦੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਅਤੇ ਸਰਕਾਰ ਇਸ ਲਈ ਯੋਗ ਉਪਰਾਲੇ ਕਰ ਰਹੀ ਹੈ | ਇਸ ਮੌਕੇ ਸਿਵਲ ਹਸਪਤਾਲ ਪੱਟੀ ਦੇ ਐੱਸ.ਐੱਮ.ਓ .ਡਾਕਟਰ ਅਸ਼ੀਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਹੋਇਆਂ ਧੰਨਵਾਦ ਕੀਤਾ | ਇਸ ਮੌਕੇ ਡਾਕਟਰ ਗੁਪਤਾ ਨੇ ਵਿਸ਼ਵਾਸ ਦਿਵਾਇਆ ਕਿ ਸਿਵਲ ਹਸਪਤਾਲ ਪੱਟੀ ਨਾਲ ਸੰਬੰਧਿਤ ਡਾਕਟਰ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ |