ਤਰਨ ਤਾਰਨ, 23 ਅਪ੍ਰੈਲ (ਹਰਿੰਦਰ ਸਿੰਘ)-ਆਪਣੀ ਮਾਸੀ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਆਏ ਨੌਜਵਾਨ 'ਤੇ ਗੁਆਂਢ ਵਿਚ ਰਹਿੰਦੇ ਵਿਅਕਤੀਆਂ ਵਲੋਂ ਤਾਬੜਤੋੜ ਗੋਲੀਆਂ ਚਲਾ ਕੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧੋੜਾ ਚੌਕੀ ਤਰਨ ਤਾਰਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਸੰਘਾ ਦੇ ਰਹਿਣ ਵਾਲੇ ਨੌਜਵਾਨ ਰਸ਼ਪਾਲ ਸਿੰਘ ਫ਼ੌਜੀ ਪੁੱਤਰ ਮੁਖਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਤਰਨ ਤਾਰਨ ਦੇ ਮੁਹੱਲਾ ਮੁਹੰਮਦਪੁਰਾ ਨੇੜੇ ਧੋੜਾ ਚੌਕੀ ਵਿਖੇ ਸਥਿਤ ਆਪਣੀ ਮਾਸੀ ਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੋਣ ਲਈ ਆਇਆ ਸੀ | ਜਦ ਉਹ ਆਪਣੀ ਮਾਸੀ ਦੀਆਂ ਅੰਤਿਮ ਰਸਮਾਂ ਵਿਚ ਰੁੱਝਾ ਹੋਇਆ ਸੀ ਤਾਂ ਗੁਆਂਢ ਵਿਚ ਰਹਿੰਦੇ ਮੁਕੱਦਰ ਪੁੱਤਰ ਕੁੰਦਨ, ਅਨੀਤਾ ਪਤਨੀ ਮੁਕੱਦਰ, ਵਿਨੈ ਪੁੱਤਰ ਮੁਕੱਦਰ, ਮੋਹਿਤ ਪੁੱਤਰ ਮੁਕੱਦਰ ਉਥੇ ਆ ਗਏ ਅਤੇ ਬਿਨਾਂ ਕੁਝ ਵੇਖਿਆਂ ਰਸ਼ਪਾਲ ਸਿੰਘ ਨਾਲ ਗਾਲੀ ਗਲੋਚ ਕਰਨ ਲੱਗ ਪਏ ਅਤੇ ਉਸ ਉਪਰ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਰਸ਼ਪਾਲ ਸਿੰਘ ਦੇ ਖੱਬੇ ਗੋਡੇ ਵਿਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਕੇ ਜ਼ਮੀਨ 'ਤੇ ਡਿੱਗ ਪਿਆ | ਉੱਥੇ ਮੌਕੇ 'ਤੇ ਮੌਜੂਦ ਲੋਕਾਂ ਵਲੋਂ ਰੌਲਾ ਪਾਉਣ 'ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ | ਜ਼ਖ਼ਮੀ ਨੌਜਵਾਨ ਰਸ਼ਪਾਲ ਸਿੰਘ ਫ਼ੌਜੀ ਨੂੰ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਉਹ ਇਲਾਜ ਅਧੀਨ ਹੈ | ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਧੋੜਾ ਚੌਂਕੀ ਵਿਖੇ ਮੁਕੱਦਰ ਪੁੱਤਰ ਕੁੰਦਨ, ਅਨੀਤਾ ਪਤਨੀ ਮੁਕੱਦਰ, ਵਿਨੈ ਪੁੱਤਰ ਮੁਕੱਦਰ, ਮੋਹਿਤ ਪੁੱਤਰ ਮੁਕੱਦਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |