ਗੋਇੰਦਵਾਲ ਸਾਹਿਬ, 24 ਅਪ੍ਰੈਲ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਚ ਦੋ ਰੋਜ਼ਾ ਅੰਤਰ ਹਾਊਸ ਵਾਲੀਬਾਲ ਮੁਕਾਬਲੇ ਬੜੀ ਧੂਮਧਾਮ ਨਾਲ ਕਰਵਾਏ ਗਏ | ਇਸ ਮੁਕਾਬਲੇ ਵਿਚ ਮਰਕਰੀ ਹਾਊਸ, ਵੀਨਸ ਹਾਊਸ, ਜੁਪਿਟਰ ਹਾਊਸ ਅਤੇ ਯੂਰੇਨਸ ਹਾਊਸ ਦੀਆਂ ਟੀਮਾਂ ਨੇ ਭਾਗ ਲਿਆ | ਪਹਿਲੇ ਦਿਨ ਸੈਮੀਫਾਈਨਲ ਮੈਚ ਕਰਵਾਏ ਗਏ, ਜਦਕਿ ਦੂਜੇ ਦਿਨ ਫਾਈਨਲ ਮੈਚ ਖੇਡਿਆ ਗਿਆ | ਫਾਈਨਲ ਮੁਕਾਬਲਾ ਵੀਨਸ ਹਾਊਸ ਅਤੇ ਯੂਰੇਨਸ ਹਾਊਸ ਦੀਆਂ ਟੀਮਾਂ ਵਿਚਕਾਰ ਹੋਇਆ, ਜੋ ਕਿ ਬਹੁਤ ਹੀ ਰੋਮਾਂਚਕ ਅਤੇ ਜ਼ਬਰਦਸਤ ਰਿਹਾ | ਬਹੁਤ ਹੀ ਕਠਿਨ ਮੁਕਾਬਲੇ ਤੋਂ ਬਾਅਦ ਵੀਨਸ ਹਾਊਸ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਹਾਸਲ ਕੀਤੀ ਅਤੇ ਚੈਂਪੀਅਨ ਬਣੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਅਤੇ ਪਿ੍ੰਸੀਪਲ ਮਨੀਸ਼ਾ ਸੂਦ ਨੇ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਾਰੇ ਮੁਕਾਬਲੇ ਸਫ਼ਲਤਾਪੂਰਵਕ ਕਰਵਾਏ ਗਏ | ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦਾ ਹੌਂਸਲਾ ਵਧਾਉਣ ਲਈ ਸਕੂਲ ਪ੍ਰਸ਼ਾਸਨ ਵਲੋਂ ਵਿਸ਼ੇਸ਼ ਯਤਨ ਕੀਤੇ ਗਏ | ਮੁਕਾਬਲਿਆਂ ਦੀ ਦੇਖ-ਰੇਖ ਅਤੇ ਮਾਰਗਦਰਸ਼ਨ ਸਕੂਲ ਦੇ ਮਾਹਿਰ ਕੋਚ ਅਤੇ ਖੇਡ ਅਧਿਆਪਕਾਂ ਸੁਖਵਿੰਦਰ ਸਿੰਘ, ਰੇਸ਼ਮ ਸਿੰਘ, ਨੂਪ੍ਰੀਤ ਕੌਰ ਅਤੇ ਰਾਜਬੀਰ ਕੌਰ ਵਲੋਂ ਕੀਤੀ ਗਈ | ਉਨ੍ਹਾਂ ਦੀ ਦੇਖ-ਰੇਖ ਉੱਚ ਪ੍ਰਬੰਧਨ ਹੇਠ ਮੁਕਾਬਲੇ ਪੂਰੇ ਸੁਰੱਖਿਅਤ ਅਤੇ ਅਨੁਸ਼ਾਸਨ ਨਾਲ ਕਰਵਾਏ ਗਏ | ਇਸ ਦੌਰਾਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਸਾਰੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਕੀਤੀ | ਸਮੂਹ ਮੁਕਾਬਲੇ ਖੇਡ ਭਾਵਨਾ ਅਤੇ ਅਨੁਸ਼ਾਸਨ ਦੇ ਉੱਚ ਮਾਪਦੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਸਫ਼ਲਤਾਪੂਰਵਕ ਸੰਪੰਨ ਹੋਏ |