ਗੋਇੰਦਵਾਲ ਸਾਹਿਬ, 1 ਮਈ (ਸਕੱਤਰ ਸਿੰਘ ਅਟਵਾਲ)-ਬਾਬਾ ਦੀਪ ਸਿੰਘ ਜੀ ਲੋਕ ਭਲਾਈ ਸੁਸਾਇਟੀ ਪਿਛਲੇ 16 ਸਾਲਾਂ ਤੋਂ ਨਸ਼ਿਆਂ ਵਿਚ ਫਸ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਨਿਯਾਤ ਦਿਵਾਉਣ ਲਈ ਸਮੇਂ-ਸਮੇਂ 'ਤੇ ਮੁਫ਼ਤ ਨਸ਼ਾ ਛੁਡਾਓ ਆਯੂਰਵੈਦਿਕ ਕੈਂਪ ਲਗਾ ਕੇ ਨਸ਼ਿਆਂ ਤੋਂ ਮੁਕਤ ਕਰ ਰਹੇ ਹਨ | ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਫਤਿਆਬਾਦ ਦੀ ਅਗਵਾਈ ਹੇਠ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੁਫ਼ਤ ਨਸ਼ਾ ਛੁਡਾਓ ਆਯੂਰਵੈਦਿਕ ਕੈਂਪ ਲਗਾਇਆ ਗਿਆ, ਜਿਸ ਵਿਚ ਸਰਵਾਈਕਲ ਅਤੇ ਗੋਡੇ ਦੇ ਦਰਦ ਅਤੇ ਅੱਖਾਂ ਦਾ ਚੈੱਕਅੱਪ ਕਰਕੇ ਮਰੀਜਾਂ ਨੂੰ ਮੁਫ਼ਤ ਦਵਾਈ ਦਿੱਤੀ ਗਈ | ਕੈਂਪ ਦੌਰਾਨ ਜਥੇਦਾਰ ਗੁਲਜਾਰ ਸਿੰਘ ਨਾਗੋਕੇ ਵਾਲਿਆਂ ਨੇ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਤੋਂ ਪੀੜ੍ਹਤ ਮਰੀਜਾਂ ਨੂੰ ਮੌਕੇ 'ਤੇ ਰਾਹਤ ਪ੍ਰਦਾਨ ਕੀਤੀ ਅਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਆਯੂਰਵੈਦਿਕ ਦਵਾਈ ਮੁਫ਼ਤ ਦਿੱਤੀ | ਪ੍ਰਧਾਨ ਸੁਖਵਿੰਦਰ ਸਿੰਘ ਸੁੱਖ ਫਤਿਆਬਾਦ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਕ੍ਰਿਪਾ ਨਾਲ ਕੈਂਪ ਲਗਾਏ ਜਾਣਗੇ | ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਨੂੰ ਛੱਡਣਾ ਚਾਹੁੰਦੇ ਹਨ ਕਿ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ | ਇਸ ਕੈਂਪ ਵਿਚ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਸ਼ਮੀਰ ਸਿੰਘ ਸੰਘਾ ਉਚੇਚੇ ਤੌਰ 'ਤੇ ਮੌਜੂਦ ਸਨ |