ਤਰਨ ਤਾਰਨ, 4 ਮਈ (ਹਰਿੰਦਰ ਸਿੰਘ)ਸੀ. ਆਈ. ਏ. ਸਟਾਫ਼ ਤਰਨ ਤਾਰਨ ਦੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਸਰਹੱਦ ਪਾਰ ਤੋਂ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ 3 ਨਾਜਾਇਜ਼ ਪਿਸਤੌਲਾਂ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੌਰਾਨ ਪੰਜਾਬ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਨਸ਼ਿਆਂ ਖਿਲਾਫ਼ ਜ਼ੀਰੋ ਟਾਲਰੇਂਸ ਵਰਤਦੇ ਹੋਏ ਡੀ.ਜੀ.ਪੀ. ਗੌਰਵ ਯਾਦਵ ਵਲੋਂ ਮਾੜੇ ਅਨਸਰਾਂ ਨੂੰ ਫੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡੀ. ਆਈ. ਜੀ. ਬਾਰਡਰ ਰੇਂਜ ਫਿਰੋਜਪੁਰ ਸਨੇਹਦੀਪ ਸ਼ਰਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਐੱਸ. ਪੀ. (ਡੀ) ਰਿਪੁਤਾਪਨ ਸਿੰਘ ਤੇ ਡੀ. ਐੱਸ. ਪੀ. (ਡੀ) ਸ਼ਿਵਦਰਸ਼ਨ ਸਿੰਘ ਦੀ ਅਗਵਾਈ ਵਿਚ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨਸ ਜਿਸ ਤਹਿਤ 29 ਅਪ੍ਰੈਲ ਨੂੰ ਇੰਸਪੈਕਟਰ ਰੁਪਿੰਦਰਪਾਲ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਅਤੇ ਉਨ੍ਹਾਂ ਦੀ ਟੀਮ ਨੇ ਤਕਨੀਕੀ ਅਤੇ ਹਿਊਮਨ ਇੰਨਟੈਲੀਜੈਂਸ ਰਾਹੀਂ ਲਵਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੰਜਵੜ ਥਾਣਾ ਝਬਾਲ ਅਤੇ ਸ਼ਿਵਰਾਜ ਸਿੰਘ ਉਰਫ ਸ਼ਿਵ ਪੁੱਤਰ ਜਸਵਿੰਦਰ ਸਿੰਘ ਵਾਸੀ ਮੱਦਰ ਮੱਥਰਾ ਭਾਗੀ ਥਾਣਾ ਖਾਲੜਾ ਨੂੰ ਕਾਬੂ ਕਰਕੇ ਇਨ੍ਹਾਂ ਦੀ ਤਲਾਸ਼ੀ ਕੀਤੀ, ਜੋ ਤਲਾਸ਼ੀ ਦੌਰਾਨ ਇਨ੍ਹਾਂ ਪਾਸੋਂ 2 ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 4 ਰੌਂਦ ਜ਼ਿੰਦਾ 30 ਬੋਰ ਬਰਾਮਦ ਹੋਏ ਸਨ | ਜਿਨ੍ਹਾਂ ਖਿਲਾਫ਼ ਥਾਣਾ ਝਬਾਲ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਥੇ ਅਦਾਲਤ ਵਲੋਂ ਉਨ੍ਹਾਂ ਦਾ 3 ਤਿੰਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ | ਰਿਮਾਂਡ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਵਿਅਕਤੀ ਸਰਹੱਦ ਪਾਰੋਂ ਨਾਜਾਇਜ਼ ਹਥਿਆਰਾ ਦੀ ਤਸਕਰੀ ਕਰਦੇ ਸਨ ਅਤੇ ਨਾਜਾਇਜ਼ ਹਥਿਆਰ ਮੰਗਵਾ ਕੇ ਵੱਖ-ਵੱਖ ਇਲਾਕਿਆਂ ਵਿਚ ਸਪਲਾਈ ਕਰਦੇ ਸਨ, ਜਿਸ 'ਤੇ ਇਨ੍ਹਾਂ ਦੱਸਿਆ ਕਿ ਇਨ੍ਹਾਂ ਦਾ ਇਕ ਹੋਰ ਸਾਥੀ ਜਿਸਦਾ ਨਾਮ ਜੋਬਨਜੀਤ ਸਿੰਘ ਉਰਫ ਜੋਬਨ ਪੁੱਤਰ ਦਿਦਾਰ ਸਿੰਘ ਵਾਸੀ ਰਾਜੋਕੇ ਥਾਣਾ ਖਾਲੜਾ ਵੀ ਨਾਜਾਇਜ਼ ਹਥਿਆਰਾ ਦੀ ਤਸਕਰੀ ਕਰਦਾ ਹੈ | ਪੁਲਿਸ ਨੇ ਜੋਬਨਜੀਤ ਸਿੰਘ ਉਕਤ ਨੂੰ ਉਕਤ ਮੁਕੱਦਮੇ ਵਿਚ ਨਾਮਜ਼ਦ ਕਰਕੇ ਤਕਨੀਕੀ ਇੰਨਟੈਲੀਜੈਂਸ ਰਾਹੀਂ ਜੋਬਨਜੀਤ ਸਿੰਘ ਉਰਫ ਜੋਬਨ ਉਕਤ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ 1 ਪਿਸਟਲ 30 ਬੋਰ ਸਮੇਤ ਮੈਗਜ਼ੀਨ ਅਤੇ 2 ਰੌਂਦ ਜ਼ਿੰਦਾ ਬਰਾਮਦ ਕੀਤੇ ਹਨ |