ਝਬਾਲ, 4 ਮਈ (ਸਰਬਜੀਤ ਸਿੰਘ)-ਮਾਝੇ ਦੇ ਤਰਨ ਤਾਰਨ ਜ਼ਿਲ੍ਹੇ 'ਚ ਪੈਂਦੇ ਪ੍ਰਸਿੱਧ ਇਤਿਹਾਸਿਕ ਕਸਬਾ ਅੱਡਾ ਝਬਾਲ ਵਿਖੇ ਹਰ ਵੇਲੇ ਲੱਗੇ ਰਹਿੰਦੇ ਟਰੈਫਿਕ ਜਾਮ ਦੀ ਸਮੱਸਿਆ ਦਾ ਹੱਲ ਆਖਰ ਕਦੋਂ ਤੱਕ ਨਿਕਲੇਗਾ ਇਹ ਸਵਾਲ ਅੱਜ ਹਰ ਇਲਾਕਾ ਵਾਸੀ ਦੇ ਮਨ ਵਿਚ ਆ ਰਿਹਾ ਹੈ ਕਿ ਕਈ ਸਰਕਾਰਾਂ ਆ ਚੁੱਕੀਆਂ ਹਨ, ਪਰ ਕਿਸੇ ਵੀ ਸਰਕਾਰ ਕੋਲੋਂ ਇਸ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ ਦਿਖਾਈ ਦਿੰਦਾ | ਹਰ ਵੇਲੇ ਲੱਗੇ ਰਹਿੰਦੇ ਟਰੈਫਿਕ ਜਾਮ ਕਰਕੇ ਵਾਹਨ ਸਵਾਰਾਂ ਨੂੰ ਅਕਸਰ ਹੀ ਪਰੇਸ਼ਾਨ ਹੁੰਦੇ ਵੇਖਿਆ ਜਾ ਸਕਦਾ ਹੈ ਤੇ ਕਈ ਵਾਰ ਐਮਰਜੈਂਸੀ ਸੇਵਾਵਾਂ ਦੀਆਂ ਗੱਡੀਆਂ ਵੀ ਟਰੈਫਿਕ ਜਮ 'ਚ ਫਸੀਆਂ ਰਹਿੰਦੀਆਂ ਹਨ | ਇਸ ਤੋਂ ਇਲਾਵਾ ਵੱਖ-ਵੱਖ ਰੂਟਾਂ ਦੀਆਂ ਬੱਸਾਂ ਵੱਖ-ਵੱਖ ਸੜਕਾਂ 'ਤੇ ਖੜੀਆਂ ਹੋਣ ਕਾਰਨ ਸਵਾਰੀਆਂ ਨੂੰ ਬੱਸਾਂ ਬਦਲਣ ਤੇ ਬੱਸਾਂ ਦੀ ਉਡੀਕ ਕਰਨ ਲਈ ਖੁੱਲੇ ਆਸਮਾਨ ਹੇਠ ਕੜਕਦੀਆਂ ਧੁੱਪਾਂ ਵਿਚ ਹੀ ਉਡੀਕ ਕਰਨ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ ਅਤੇ ਇਸਦੇ ਨਾਲ ਹੀ ਸਵਾਰੀਆਂ ਨੂੰ ਪੀਣ ਵਾਲੇ ਪਾਣੀ ਤੇ ਬਾਥਰੂਮਾਂ ਦੀ ਘਾਟ ਕਾਰਨ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ | ਟਰੈਫਿਕ ਜਾਮ ਦੀ ਸਮੱਸਿਆ ਦਾ ਵੱਡਾ ਕਾਰਨ ਸੜਕਾਂ ਤੇ ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜੇ ਅਤੇ ਰੇੜੇ ਰੇੜੀਆਂ ਦੀ ਵੱਡੀ ਭਰਮਾਰ ਤੋਂੋ ਇਲਾਵਾ ਪਿਛਲੇ ਲੰਮੇ ਸਮੇਂ ਤੋਂ ਬੰਦ ਪਿਆ ਬੱਸ ਸਟੈਂਡ ਜੋ ਹੁਣ ਤੱਕ ਚਾਲੂ ਨਹੀਂ ਹੋ ਸਕਿਆ ਵੱਡਾ ਕਾਰਨ ਬਣ ਰਹੇ ਹਨ | ਇਸ ਬਾਰੇ ਇਲਾਕਾ ਵਾਸੀਆਂ ਵਲੋਂ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਕਈ ਵਾਰ ਟਰੈਫਿਕ ਸਮੱਸਿਆ ਦਾ ਹੱਲ ਕੱਢੇ ਜਾਣ ਲਈ ਮੰਗ ਕੀਤੀ ਗਈ ਹੈ, ਪਰ ਕਿਸੇ ਵੀ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਅੱਡਾ ਝਬਾਲ ਦੀ ਟਰੈਫਿਕ ਸਮੱਸਿਆ ਦਿਨੋਂ ਦਿਨ ਹੋਰ ਉਲਝਦੀ ਜਾ ਰਹੀ ਹੈ | ਜ਼ਿਕਰਯੋਗ ਹੈ ਕਿ ਅੱਡਾ ਝਬਾਲ ਵਿਖੇ ਸੜਕਾਂ ਤੱਕ ਜਿੱਥੇ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਕਰਕੇ ਸਮਾਨ ਰੱਖੇ ਹੋਏ ਹਨ, ਉੱਥੇ ਹੀ ਸੜਕਾਂ ਵਿਚਕਾਰ ਹੀ ਰੇੜੇ ਅਤੇ ਰੇੜੀਆਂ ਵਾਲਿਆਂ ਵਲੋਂ ਵੀ ਫਰੂਟ ਅਤੇ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ, ਜਦੋਂ ਕਿ ਪਿਛਲੇ ਸਮੇਂ ਦੌਰਾਨ ਅਕਾਲੀ ਭਾਜਪਾ ਸਰਕਾਰ ਵੇਲੇ ਅੱਡਾ ਝਬਾਲ ਵਿਖੇ ਬਣਾਇਆ ਗਿਆ ਬੱਸ ਸਟੈਂਡ ਵੀ ਹੁਣ ਤੱਕ ਚਾਲੂ ਨਾ ਹੋ ਸਕਣ ਕਰਕੇ ਵੱਖ-ਵੱਖ ਰੂਟਾਂ ਦੀਆਂ ਬੱਸਾਂ ਸੜਕਾਂ ਉੱਪਰ ਹੀ ਲੱਗਦੀਆਂ ਹਨ | ਇਸ ਤੋਂ ਇਲਾਵਾ ਪਿੰਡ ਵਿਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ ਅਤੇ ਸਾਫ ਪਾਣੀ ਦੀ ਸਹੂਲਤ ਦੀ ਘਾਟ ਕਾਰਨ ਲੋਕਾਂ ਵਲੋਂ ਦੂਸ਼ਿਤ ਹੋਇਆ ਪਾਣੀ ਵਰਤਣ ਨਾਲ ਕਈ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਲੋਕਾਂ ਨੂੰ ਸਤਾ ਰਿਹਾ ਹੈ, ਜਿਸ ਕਾਰਨ ਇਲਾਕਾ ਵਾਸੀ ਪੂਰੀ ਤਰ੍ਹਾਂ ਪਰੇਸ਼ਾਨ ਹਨ ਕਿਉਂਕਿ ਗਰਮੀ ਦੇ ਆ ਰਹੇ ਸੀਜ਼ਨ ਵਿਚ ਹੁਣ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਉੱਪਰ ਮੱਛਰਾਂ ਦੀ ਵਧਦੀ ਜਾ ਰਹੀ ਭਰਮਾਰ ਨਾਲ ਕੋਈ ਵੀ ਭਿਆਨਕ ਬਿਮਾਰੀ ਪੈਰ ਪਸਾਰ ਸਕਦੀ, ਇਸ ਲਈ ਫਿਰ ਤੋਂ ਇਲਾਕੇ ਦੇ ਵੱਖ ਵੱਖ ਆਗੂਆਂ ਅਤੇ ਆਮ ਲੋਕਾਂ ਨੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਪਾਸੇ ਵਿਸ਼ੇਸ਼ ਤੌਰ 'ਤੇ ਪਹਿਲ ਦੇ ਅਧਾਰ ਨਾਲ ਧਿਆਨ ਦੇ ਕੇ ਲੋਕਾਂ ਦੇ ਮਸਲੇ ਹੱਲ ਕੀਤੇ ਜਾਣ ਪਰੰਤੂ ਵੇਖੋ ਹੁਣ ਕਿ ਆਖਿਰ ਲੋਕਾਂ ਦੀ ਸਹੂਲਤ ਲਈ ਸਰਕਾਰ ਲੋਕਾਂ ਦੇ ਇਹ ਮਸਲੇ ਕਦੋਂ ਤੱਕ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਵੇਲੇ ਲੋਕ ਟਰੈਫਿਕ ਜਾਮ ਦੀ ਸਮੱਸਿਆ ਵਿਚ ਹਰ ਵੇਲੇ ਉਲਝਦੇ ਹੀ ਦਿਖਾਈ ਦਿੰਦੇ ਹਨ |