ਤਰਨ ਤਾਰਨ, 8 ਮਈ (ਇਕਬਾਲ ਸਿੰਘ ਸੋਢੀ)-ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਬੂ ਦੇ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ 15 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਗਵਰਨਰ ਪੰਜਾਬ ਦੇ ਅੱਗੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਵਿਚਾਰ ਵਟਾਂਦਰਾਂ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸਭਾ ਦੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਕਿਸਾਨ, ਮਜ਼ਦੂਰ ਵਿਰੋਧੀ ਹਨ ਅਤੇ ਆਮ ਲੋਕਾਂ ਦਾ ਕੰਚੂਬਰ ਕੱਢਣ ਵਾਲੀਆਂ ਨੀਤੀਆਂ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੀਆਂ ਤਹਿਸੀਲਾਂ ਤਰਨ ਤਾਰਨ, ਖਡੂਰ ਸਾਹਿਬ ਤਹਿਸੀਲਦਾਰਾਂ ਦੀਆਂ ਪੋਸਟ ਖਾਲੀ ਹੋਣ ਕਾਰਨ ਆਮ ਲੋਕ ਖਜਲ ਖੁਆਰ ਹੋ ਰਹੇ ਹਨ | ਪੰਜਾਬ ਦੀ ਸਰਕਾਰ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਅਤੇ ਤਰਨ ਤਾਰਨ ਫੌਰੀ ਤੌਰ ਤੇ ਤਹਿਸੀਲਦਾਰ ਤਾਇਨਾਤ ਕਰੇ ਤਾਂ ਜੋ ਆਮ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਸਕੇ | ਇਸ ਮੌਕੇ ਰੇਸ਼ਮ ਸਿੰਘ ਫੈਲੋਕੇ, ਹਰਭਜਨ ਸਿੰਘ ਪੱਟੀ, ਝਿਲਮਲ ਸਿੰਘ ਬਾਣੀਆਂ, ਸੁਰਿੰਦਰ ਸਿੰਘ ਖੱਬੇ, ਬਲਵਿੰਦਰ ਸਿੰਘ ਫੈਲੋਕੇ, ਜਗੀਰ ਸਿੰਘ ਗੰਡੀਵਿੰਡ ਤੋਂ ਇਲਾਵਾ ਕਿਸਾਨ ਆਗੂ ਹਾਜ਼ਰ ਸਨ |