27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਨਗਰ ਕੌਂਸਲ ਪੱਟੀ ਚੋਣਾਂ ਦਾ ਵੱਜਿਆ ਬਿਗਲ, ਧੜੇਬੰਦੀ ਕਾਰਨ ਮੁਕਾਬਲਾ ਹੋਵੇਗਾ ਰੌਚਕ ਤੇ ਤਲਖ਼ <br/>

Ad Position 21
No active advertisement
ਅਜੀਤ ਡੈਸਕ 12-05-2026
ਪੱਟੀ, 11 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੰਜਾਬ 'ਚ ਨਗਰ ਕੌਂਸਲ ਚੋਣਾਂ ਲਈ ਚੋਣ ਕਮਿਸ਼ਨਰ ਵਲੋਂ ਬਿਗਲ ਵਜਾਏ ਜਾਣ ਤੋਂ ਬਾਅਦ ਨਗਰ ਕੌਂਸਲ ਪੱਟੀ ਦੀਆਂ 19 ਵਾਰਡਾਂ ਵਿਚ ਵੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਆਪਣੇ-ਆਪਣੇ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਤੇ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਭਖਣਾ ਸ਼ੁਰੂ ਹੋ ਗਿਆ ਹੈ | ਜੇਕਰ 2021 ਦੀਆਂ ਨਗਰ ਕੌਂਸਲ ਚੋਣਾਂ 'ਤੇ ਪੰਛੀ ਝਾਤ ਮਾਰੀ ਜਾਵੇ ਤਾਂ ਲਗਪਗ 32 ਹਜ਼ਾਰ ਵੋਟਰਾਂ ਵਾਲੀ ਨਗਰ ਕੌਂਸਲ ਪੱਟੀ ਵਿਚ ਉਸ ਵੇਲੇ ਕਾਂਗਰਸ ਪਾਰਟੀ ਨੇ 19 ਵਿਚੋਂ 15 ਵਾਰਡਾਂ 'ਤੇ ਜਿੱਤ ਦਰਜ ਕੀਤੀ ਸੀ 'ਤੇ ਆਪਣਾ ਪ੍ਰਧਾਨ ਬਣਾਇਆ | ਜਦਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਦੋ-ਦੋ ਵਾਰਡਾਂ 'ਤੇ ਕਾਮਯਾਬੀ ਮਿਲੀ ਸੀ | ਉਸ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤੇ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਨੇ ਇਹ ਚੋਣਾਂ ਲੜਦਿਆਂ ਵੱਡੀ ਜਿੱਤ ਹਾਸਲ ਕੀਤੀ ਸੀ | ਇਸ ਵਾਰ ਦੀਆਂ ਚੋਣਾਂ ਨੂੰ ਕਾਫ਼ੀ ਰੌਚਕ ਅਤੇ ਅਹਿਮ ਮੰਨਿਆ ਜਾ ਰਿਹਾ ਹੈ | ਆਮ ਆਦਮੀ ਪਾਰਟੀ, ਜਿਸ ਨੇ ਪਿਛਲੀ ਵਾਰ ਕੇਵਲ ਦੋ ਵਾਰਡਾਂ ਵਿਚ ਜਿੱਤ ਦਰਜ ਕੀਤੀ ਸੀ, ਆਪਣੀ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਦਲਬੀਰ ਸਿੰਘ ਸੇਖੋਂ ਨੂੰ ਅਹੁਦੇ ਤੋਂ ਹਟਾ ਕੇ ਆਪਣਾ ਪ੍ਰਧਾਨ ਲਖਬੀਰ ਕੌਰ ਨੂੰ ਬਣਾਉਣ ਵਿਚ ਕਾਮਯਾਬ ਰਹੀ ਸੀ, ਪਰ ਹੁਣ ਪੱਟੀ ਹਲਕੇ ਤੋਂ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਜੇਲ੍ਹ ਵਿਚ ਬੰਦ ਹੋਣ ਤੋਂ ਬਾਅਦ 'ਆਪ' ਤਿੰਨ ਧੜਿਆਂ ਵਿਚ ਵੰਡੀ ਦਿਖਾਈ ਦੇ ਰਹੀ ਹੈ | ਇਕ ਧੜਾ ਲਾਲਜੀਤ ਸਿੰਘ ਭੁੱਲਰ ਦਾ, ਦੂਜਾ ਚੇਅਰਮੈਨ ਰਣਜੀਤ ਸਿੰਘ ਚੀਮਾ ਦਾ ਅਤੇ ਤੀਜਾ ਹੀਰਾ ਸਿੰਘ ਐਡਵੋਕੇਟ ਮਰਹਾਣਾ ਦਾ ਮੰਨਿਆ ਜਾ ਰਿਹਾ ਹੈ | ਉੱਧਰ ਕਾਂਗਰਸ ਪਾਰਟੀ ਵੀ ਇਸ ਵਾਰ ਇਕਜੁੱਟ ਨਜ਼ਰ ਨਹੀਂ ਆ ਰਹੀ | ਕਾਂਗਰਸ ਦੇ ਵੀ ਤਿੰਨ ਵੱਖ-ਵੱਖ ਧੜੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚ ਇਕ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ, ਦੂਸਰਾ ਯੂਥ ਆਗੂ ਹਰਮਨ ਸੇਖੋਂ ਦਾ ਅਤੇ ਤੀਜਾ ਹਰਪ੍ਰੀਤ ਸਿੰਘ ਸੰਧੂ ਦਾ ਧੜਾ ਸ਼ਾਮਿਲ ਹੈ | ਪਿਛਲੇ ਸਮੇਂ ਦੌਰਾਨ ਹੋਈਆਂ ਯੂਥ ਚੋਣਾਂ ਵਿਚ ਵੀ ਇਹ ਧੜੇ ਆਮੋ-ਸਾਹਮਣੇ ਦਿਖਾਈ ਦਿੱਤੇ ਸਨ ਅਤੇ ਹੁਣ ਨਗਰ ਕੌਂਸਲ ਚੋਣਾਂ ਵਿਚ ਵੀ ਆਪਣੇ-ਆਪਣੇ ਉਮੀਦਵਾਰ ਖੜੇ ਕਰਨ ਦੀ ਤਿਆਰੀ ਵਿਚ ਹਨ | ਹਾਲਾਂਕਿ ਹਰਮਿੰਦਰ ਸਿੰਘ ਗਿੱਲ ਵਲੋਂ ਸ਼ਹਿਰ ਦੀਆਂ 19 ਵਾਰਡਾਂ ਲਈ ਆਪਣੇ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਜਾ ਚੁੱਕੀ ਹੈ, ਜਦਕਿ ਬਾਕੀ ਧੜਿਆਂ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ | ਸ਼੍ਰੋਮਣੀ ਅਕਾਲੀ ਦਲ ਬਾਦਲ, ਜਿਸ ਨੇ ਪਿਛਲੀ ਵਾਰ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਅਗਵਾਈ ਹੇਠ ਚੋਣਾਂ ਲੜੀਆਂ ਸਨ, ਇਸ ਵਾਰ ਨਵੇਂ ਸਮੀਕਰਨਾਂ ਨਾਲ ਮੈਦਾਨ ਵਿਚ ਉਤਰ ਸਕਦਾ ਹੈ | ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਲੋਂ ਅਕਾਲੀ ਦਲ ਬਾਦਲ ਤੋਂ ਵੱਖ ਹੋ ਕੇ ਪੁਨਰ ਸੁਰਜੀਤ ਅਕਾਲੀ ਦਲ ਨਾਲ ਹੱਥ ਮਿਲਾਇਆ ਗਿਆ ਹੈ ਅਤੇ ਉਨ੍ਹਾਂ ਵਲੋਂ ਵੀ ਨਗਰ ਕੌਂਸਲ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ | ਦੂਜੇ ਪਾਸੇ ਅਕਾਲੀ ਦਲ ਬਾਦਲ ਵਲੋਂ ਅਕਾਲੀ ਆਗੂ ਕੰਵਲਪ੍ਰੀਤ ਸਿੰਘ ਇਸ ਹਲਕੇ ਨੂੰ ਦੇਖ ਰਹੇ ਹਨ ਅਤੇ ਉਨ੍ਹਾਂ ਅਜੇ ਤੱਕ ਆਪਣੇ ਉਮੀਦਵਾਰਾਂ ਬਾਰੇ ਕੋਈ ਸਪੱਸ਼ਟਤਾ ਨਹੀਂ ਦਿੱਤੀ | ਇਸ ਤੋਂ ਇਲਾਵਾ ਕੇਂਦਰ ਵਿਚ ਸੱਤਾਧਾਰੀ ਭਾਜਪਾ, ਜਿਸ ਨੇ ਹਾਲ ਹੀ ਵਿਚ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਇਕੱਲੇ ਲੜਨ ਦਾ ਐਲਾਨ ਕੀਤਾ ਹੈ, ਉਹ ਵੀ ਪੱਟੀ ਵਿਚ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰ ਸਕਦੀ ਹੈ | ਵਾਰਿਸ ਪੰਜਾਬ ਦੇ ਵਲੋਂ ਵੀ ਚੋਣ ਮੈਦਾਨ ਵਿਚ ਉਤਰਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ | ਸ਼ਹਿਰ ਦੀਆਂ 19 ਵਾਰਡਾਂ ਵਿਚੋਂ 9 ਸੀਟਾਂ ਔਰਤਾਂ ਲਈ ਰਾਖਵੀਆਂ ਹਨ, ਜਦਕਿ 6 ਜਨਰਲ, 3 ਐੱਸ.ਸੀ. ਅਤੇ 1 ਬੀ.ਸੀ. ਵਰਗ ਲਈ ਰਾਖਵੀਂ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਆਪਣੇ-ਆਪਣੇ ਧੜਿਆਂ ਨੂੰ ਇਕ ਪਲੇਟਫਾਰਮ 'ਤੇ ਇਕੱਠਾ ਕਰਨ ਵਿਚ ਕਿੰਨੀ ਕਾਮਯਾਬ ਹੁੰਦੀ ਹੈ | ਇਸ ਦੇ ਨਾਲ ਹੀ ਇਹ ਵੀ ਦਿਲਚਸਪੀ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਅਕਾਲੀ ਦਲ, ਪੁਨਰ ਸੁਰਜੀਤ ਅਕਾਲੀ ਦਲ, ਭਾਜਪਾ ਅਤੇ ਹੋਰ ਧਿਰਾਂ ਕਿਹੜੇ ਮੁੱਦਿਆਂ ਅਤੇ ਉਮੀਦਵਾਰਾਂ ਨਾਲ ਮੈਦਾਨ ਵਿਚ ਉਤਰਦੀਆਂ ਹਨ | ਸਿਆਸੀ ਮਾਹਿਰਾਂ ਅਨੁਸਾਰ ਨਗਰ ਕੌਂਸਲ ਦੀਆਂ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਹਨ | ਹੁਣ ਨਜ਼ਰ ਇਸ ਗੱਲ 'ਤੇ ਟਿਕੀ ਹੋਈ ਹੈ ਕਿ 32 ਹਜ਼ਾਰ ਦੇ ਕਰੀਬ ਵੋਟਰਾਂ 'ਤੇ ਕਿਹੜੀ ਪਾਰਟੀ ਅਤੇ ਕਿਹੜਾ ਆਗੂ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਰਹਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ <br/> ਅਗਲੀ ਖ਼ਬਰ ਨਗਰ ਕੌਂਸਲ ਪੱਟੀ ਚੋਣਾਂ ਦਾ ਵੱਜਿਆ ਬਿਗਲ, ਧੜੇਬੰਦੀ ਕਾਰਨ ਮੁਕਾਬਲਾ ਹੋਵੇਗਾ ਰੌਚਕ ਤੇ ਤਲਖ਼ <br/>
Ad Position 24