ਸ਼ਾਹਬਾਜ਼ਪੁਰ, 13 ਮਈ (ਪਰਦੀਪ ਬੇਗੇਪੁਰ)-ਸਿਆਸਤ ਵਿਚ ਜਦੋਂ ਅਸੂਲਾਂ ਦੀ ਜਗ੍ਹਾ ਮੌਕਾਪ੍ਰਸਤੀ ਲੈ ਲਵੇ ਤਾਂ ਕੌਮਾਂ ਤੇ ਸੂਬਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ | ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਮਾੜੇ ਅਨਸਰਾਂ ਅਤੇ ਦਾਗੀਆਂ ਨੂੰ ਸਿਆਸੀ ਬੁੱਕਲ ਵਿਚ ਬਿਠਾਉਣ ਦਾ ਜੋ ਰੁਝਾਨ ਪਿਛਲੀਆਂ ਅਤੇ ਮੌਜੂਦਾ ਸੱਤਾਧਾਰੀ ਧਿਰਾਂ ਨੇ ਪੈਦਾ ਕੀਤਾ ਹੈ, ਪੰਜਾਬ ਦੇ ਲੋਕ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ | ਇਹਨਾਂ ਡੂੰਘੇ ਅਤੇ ਸਿਧਾਂਤਕ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪਿੰਡ ਡਾਲੇਕੇ ਵਿਖੇ ਸਰਪੰਚ ਨਿਸ਼ਾਨਬੀਰ ਸਿੰਘ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਬਿਨਾਂ ਕਿਸੇ ਦਾ ਸਿੱਧਾ ਨਾ ਲਿਆ ਸਿਆਸੀ ਵਿਰੋਧੀਆਂ ਅਤੇ ਸਿਸਟਮ ਅੰਦਰਲੇ ਮੌਕਾਪ੍ਰਸਤਾਂ 'ਤੇ ਵੱਡਾ ਤਨਜ਼ ਕੱਸਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਕੁੱਝ ਧਿਰਾਂ ਨੂੰ ਲੱਗਦਾ ਹੈ ਕਿ ਸਿਆਸੀ ਸਮਝੌਤਿਆਂ ਦੀ ਆੜ ਵਿਚ ਦਾਗੀਆਂ ਦੇ ਪਾਪ ਧੋਤੇ ਜਾਣਗੇ, ਪਰ ਲੋਕਾਂ ਦੀ ਕਚਹਿਰੀ ਅਤੇ ਕੁਦਰਤ ਦੇ ਇਨਸਾਫ਼ ਤੋਂ ਕੋਈ ਨਹੀਂ ਬਚ ਸਕਦਾ | ਇਕ ਸੱਚੇ ਅਕਾਲੀ ਅਤੇ ਪੰਥਕ ਸਿਪਾਹੀ ਹੋਣ ਦੇ ਨਾਤੇ ਸਾਡੀ ਵਫ਼ਾਦਾਰੀ ਹਮੇਸ਼ਾ ਹੱਕ, ਸੱਚ ਅਤੇ ਪਾਰਟੀ ਦੇ ਉਨ੍ਹਾਂ ਸਿਧਾਂਤਾਂ ਨਾਲ ਹੈ, ਜਿਨ੍ਹਾਂ ਦੀ ਨੀਂਹ ਸ਼ਹੀਦਾਂ ਨੇ ਰੱਖੀ ਸੀ | ਅਸੀਂ ਸਾਫ਼-ਸੁਥਰੇ ਵਰਕਰਾਂ ਦੇ ਸਿਰ 'ਤੇ ਪਾਰਟੀ ਦੀ ਚੜ੍ਹਦੀਕਲਾ ਚਾਹੁੰਦੇ ਹਾਂ, ਦਾਗੀ ਚਿਹਰਿਆਂ ਦੇ ਸਹਾਰੇ ਨਹੀਂ | ਬ੍ਰਹਮਪੁਰਾ ਨੇ ਮੌਜੂਦਾ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਇਕ ਸੰਤੁਲਿਤ ਅਤੇ ਪੰਥਕ ਪ੍ਰਤੀਕਰਮ ਦਿੱਤਾ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਸੰਤਾਪ ਪੂਰੇ ਪੰਥ ਨੇ ਆਪਣੇ ਪਿੰਡੇ 'ਤੇ ਹੰਢਾਇਆ ਹੈ | ਮੌਜੂਦਾ ਹਕੂਮਤ ਵਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਜੋ ਨਵਾਂ ਕਾਨੂੰਨ ਲਿਆਉਣ ਦੀ ਪਹਿਲਕਦਮੀ ਕੀਤੀ ਗਈ ਹੈ, ਉਹ ਪੰਥਕ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ | ਪਰ ਇਸ ਕਾਨੂੰਨ ਨੂੰ ਸਿਰਫ਼ ਕਾਗਜ਼ਾਂ ਤੱਕ ਸੀਮਤ ਰੱਖਣ ਦੀ ਬਜਾਏ ਹੋਰ ਮਜ਼ਬੂਤ, ਸਖ਼ਤ ਅਤੇ ਕਾਰਗਰ ਬਣਾਉਣ ਦੀ ਲੋੜ ਹੈ, ਤਾਂ ਜੋ ਕੋਈ ਵੀ ਦੋਖੀ ਕਾਨੂੰਨ ਦੀਆਂ ਚੋਰ ਮੋਰੀਆਂ ਰਾਹੀਂ ਬਚ ਨਾ ਸਕੇ | ਇਸ ਮੌਕੇ ਪਿੰਡ ਡਾਲੇਕੇ ਦੀ ਸਮੁੱਚੀ ਲੀਡਰਸ਼ਿਪ ਨੇ ਬ੍ਰਹਮਪੁਰਾ ਦੀ ਇਸ ਸਿਧਾਂਤਕ ਅਤੇ ਬੇਬਾਕ ਸੋਚ ਦਾ ਪੂਰਨ ਸਮਰਥਨ ਕਰਦਿਆਂ ਪਾਰਟੀ ਨਾਲ ਚੱਟਾਨ ਵਾਂਗ ਖੜ੍ਹਨ ਦਾ ਅਹਿਦ ਲਿਆ | ਸੰਬੋਧਨ ਕਰਦਿਆਂ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀਕਲਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਸਮੁੱਚੀ ਟਕਸਾਲੀ ਲੀਡਰਸ਼ਿਪ ਪੂਰੀ ਤਰ੍ਹਾਂ ਇੱਕਮੁੱਠ ਹੈ ਅਤੇ ਅਸੀਂ ਕਿਸੇ ਵੀ ਕੀਮਤ 'ਤੇ ਪਾਰਟੀ ਦੇ ਸਿਧਾਂਤਾਂ ਨੂੰ ਆਂਚ ਨਹੀਂ ਆਉਣ ਦੇਵਾਂਗੇ | ਇਸ ਮੀਟਿੰਗ ਵਿਚ ਪ੍ਰਧਾਨ ਪਰਗਟ ਸਿੰਘ, ਮਨਜਿੰਦਰ ਸਿੰਘ, ਸਰਭੋਤ ਜੋਤਾ ਸਿੰਘ, ਮਾਸਟਰ ਮੰਗਲ ਸਿੰਘ, ਜਗਰੂਪ ਸਿੰਘ ਅਤੇ ਡਾਕਟਰ ਮਨਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ |