ਗੋਇੰਦਵਾਲ ਸਾਹਿਬ, 20 ਮਈ (ਸਕੱਤਰ ਸਿੰਘ ਅਟਵਾਲ)-ਭਾਰਤੀ ਜਨਤਾ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵਲੋਂ ਦਿੱਤੇ ਬਿਆਨ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ 'ਗੱਦਾਰ' ਵਰਗੇ ਸ਼ਬਦ ਵਰਤਣਾ ਬਹੁਤ ਹੀ ਨਿੰਦਣਯੋਗ ਹੈ | ਭਰੋਵਾਲ ਨੇ ਕਿਹਾ ਕਿ ਦੇਸ਼ ਦੇ ਸੰਵਿਧਾਨਕ ਅਹੁਦਿਆਂ 'ਤੇ ਬੈਠੇ ਨੇਤਾਵਾਂ ਲਈ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਕਾਂਗਰਸ ਦੀ ਨਕਾਰਾਤਮਕ ਅਤੇ ਹਤਾਸ਼ ਰਾਜਨੀਤੀ ਨੂੰ ਦਰਸਾਉਂਦਾ ਹੈ | ਭਰੋਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੂਜਿਆਂ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦਾ ਇਤਿਹਾਸ ਵੀ ਯਾਦ ਕਰਨਾ ਚਾਹੀਦਾ ਹੈ | ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਖੂਨ ਡੋਲਣ ਵਾਲੀ ਸਿੱਖ ਕੌਮ ਨਾਲ ਜੁਲਮ ਕੀਤੇ ਅਤੇ 1984 ਵਿਚ ਹਜ਼ਾਰਾਂ ਬੇਗੁਨਾਹ ਸਿੱਖਾਂ ਦਾ ਕਤਲੇਆਮ ਹੋਣ ਦਿੱਤਾ, ਇਹ ਸਭ ਕਾਂਗਰਸ ਸਰਕਾਰ ਦੇ ਸਮੇਂ ਹੋਇਆ ਅਤੇ ਜਿੰਨਾ ਨੇ ਦੋਸ਼ੀਆਂ ਨੂੰ ਬਚਾਇਆ ਕੀ ਉਹ ਗਦਾਰ ਨਹੀਂ? | ਭਰੋਵਾਲ ਨੇ ਕਿਹਾ ਕਿ ਸਿੱਖ ਕੌਮ ਦੇ ਦਰਦ ਅਤੇ ਕੁਰਬਾਨੀਆਂ ਨੂੰ ਭੁੱਲ ਕੇ ਅੱਜ ਕਾਂਗਰਸ ਦੇ ਆਗੂ ਦੇਸ਼ ਭਗਤੀ ਦੇ ਸਰਟੀਫਿਕੇਟ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਦੇਸ਼ ਦੀ ਜਨਤਾ ਕਦੇ ਕਬੂਲ ਨਹੀਂ ਕਰੇਗੀ | ਭਰੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇਤਿ੍ਤਵ ਹੇਠ ਭਾਰਤ ਨੇ ਵਿਸ਼ਵ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਬਣਾਈ ਹੈ | ਦੇਸ਼ ਅੱਜ ਵਿਕਾਸ, ਸੁਰੱਖਿਆ ਅਤੇ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਆਤੰਕਵਾਦ ਖਿਲਾਫ਼ ਸਖ਼ਤ ਫੈਸਲੇ ਲੈਣ ਤੋਂ ਲੈ ਕੇ ਭਾਰਤ ਦੀ ਵਿਸ਼ਵ ਪੱਧਰ 'ਤੇ ਸਾਖ ਮਜ਼ਬੂਤ ਕਰਨ ਤੱਕ, ਮੋਦੀ ਸਰਕਾਰ ਨੇ ਹਰ ਖੇਤਰ ਵਿੱਚ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਪਹੁੰਚਾਇਆ | ਭਰੋਵਾਲ ਨੇ ਕਿਹਾ ਕਿ ਅੱਜ ਦੇਸ਼ ਦੀ ਜਨਤਾ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਲੋਕ ਉਹਨਾਂ ਨੇਤਾਵਾਂ ਦੇ ਨਾਲ ਖੜੇ ਹਨ ਜੋ ਦੇਸ਼ ਦੇ ਵਿਕਾਸ, ਸੁਰੱਖਿਆ ਅਤੇ ਲੋਕਾਂ ਦੀ ਭਲਾਈ ਲਈ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਭਾਜਪਾ ਹਮੇਸ਼ਾ ਰਾਸ਼ਟਰਹਿਤ ਦੀ ਰਾਜਨੀਤੀ ਨੂੰ ਤਰਜੀਹ ਦਿੰਦੀ ਰਹੇਗੀ | ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਸਿੰਘ, ਵਰਿੰਦਰਪਾਲ ਸਿੰਘ, ਜਤਿੰਦਰ ਸਿੰਘ, ਗੁਰਿੰਦਰ ਸਿੰਘ ਆਦਿ ਹਾਜ਼ਰ ਸਨ |