ਸ਼ਾਹਬਾਜ਼ਪੁਰ, 20 ਮਈ (ਪ੍ਰਦੀਪ ਬੇਗੇਪੁਰ)-ਗ੍ਰਾਮ ਪੰਚਾਇਤ ਪੰਪ ਆਪ੍ਰੇਟਰ ਐਸੋਸੀਏਸ਼ਨ ਵਲੋਂ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਉਨਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਗ੍ਰਾਮ ਪੰਚਾਇਤ ਦੀਆਂ ਟੈਂਕੀਆਂ 'ਤੇ ਕੰਮ ਕਰ ਰਿਹਾ ਪੰਪ ਆਪ੍ਰੇਟਰ, ਜੋ ਕਿ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰ ਰਹੇ ਹਨ ਅਤੇ ਜਿਨਾਂ ਦਾ ਪਿੰਡ ਦੇ ਸਰਪੰਚਾਂ ਪਿੰਡ ਦੀਆਂ ਪੰਚਾਇਤਾਂ ਵਲੋਂ ਸ਼ੋਸ਼ਣ ਕੀਤਾ ਜਾਂਦਾ ਹੈ, ਜਿੰਨਾਂ ਨੂੰ ਕਿ ਬਿਨਾਂ ਤਨਖਾਹਾਂ ਤੋਂ ਵੀ ਕੰਮ ਕਰਨਾ ਪੈ ਰਿਹਾ ਹੈ | ਸੋ ਇਸ ਦੇ ਸੰਬੰਧ ਵਿਚ ਪੰਜਾਬ ਸਰਕਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਮੂਹ ਸਭ ਕਮੇਟੀ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਸ ਵਿਚ ਅੱਜ ਤੱਕ ਕੋਈ ਵੀ ਸਿੱਟਾ ਨਹੀਂ ਨਿਕਲ ਪਾਇਆ ਅਤੇ ਟਾਲ ਮਟੌਲ ਕਰਕੇ ਸਮਾਂ ਲੰਘਾ ਦਿੱਤਾ ਜਾਂਦਾ ਹੈ, ਸੋ ਇਸ ਵਾਰ ਵੀ 20 ਮਈ ਨੂੰ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਅਤੇ ਇਸ ਦੇ ਰੋਸ ਵਜੋਂ ਜ਼ਿਲ੍ਹਾ ਤਰਨ ਤਰਨ ਦੇ ਸਮੂਹ ਪੰਪ ਆਪ੍ਰੇਟਰਾਂ ਨੇ ਮੀਟਿੰਗ ਕੀਤੀ ਅਤੇ ਦੱਸਿਆ ਕਿ ਮਿਤੀ 25 ਮਈ 2026 ਨੂੰ ਸਾਰੇ ਹੀ ਪੰਜਾਬ ਵਿਚ ਗ੍ਰਾਮ ਪੰਚਾਇਤ ਦੀਆਂ ਟੈਂਕੀਆਂ ਦੇ ਉੱਪਰ ਕੰਮ ਕਰਦੇ ਆਪ੍ਰੇਟਰਾਂ ਵਲੋਂ ਆਪਣੀਆਂ ਵਾਜਿਬ ਅਤੇ ਹੱਕੀ ਮੰਗਾਂ ਵਾਸਤੇ ਧਰਨਾ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਦਿੜਬਾ ਵਿਖੇ ਲਗਾਇਆ ਜਾਵੇਗਾ ਅਤੇ 25 ਮਈ 2026 ਨੂੰ ਸਾਰੇ ਪੰਜਾਬ ਵਿਚ ਗ੍ਰਾਮ ਪੰਚਾਇਤ ਦੀਆਂ ਟੈਂਕੀਆਂ ਦੀ ਸਪਲਾਈ ਬੰਦ ਕੀਤੀ ਜਾਵੇਗੀ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ | ਜੇਕਰ 25 ਮਈ ਨੂੰ ਹੋਣ ਵਾਲੇ ਇਸ ਧਰਨੇ ਦੌਰਾਨ ਕੋਈ ਵੀ ਠੋਸ ਹੱਲ ਨਹੀਂ ਨਿਕਲਦਾ ਤਾਂ ਇਹ ਧਰਨਾ ਅਗਲੇ ਦੋ ਦਿਨ ਵੀ ਜਾਰੀ ਰਹੇਗਾ, ਜਿਸ ਦਾ ਅਸਰ ਪਿੰਡਾਂ ਦੇ ਮੁਹੱਲਿਆਂ ਤੱਕ ਵੀ ਵੇਖਣ ਨੂੰ ਮਿਲੇਗਾ, ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ | ਇਸ ਮੌਕੇ ਅਵਤਾਰ ਸਿੰਘ ਮੀਤ ਪ੍ਰਧਾਨ, ਬੋਹੜ ਸਿੰਘ ਜਨਰਲ ਸਕੱਤਰ, ਹਰਮਨ ਸਿੰਘ ਬੂੜ ਚੰਦ, ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਬੇਗੇਪੁਰ ਅਤੇ ਸਮੂਹ ਜ਼ਿਲਾ ਕਮੇਟੀ ਮੈਂਬਰ ਹਾਜ਼ਰ ਸਨ |