ਭਿੱਖੀਵਿੰਡ, 20 ਮਈ (ਬੌਬੀ)ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਪੂਰੀ ਤਰ੍ਹਾਂ ਦੁਖੀ ਹਨ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ਗੱਲ ਦੀ ਸਮਝ ਲੱਗ ਜਾਵੇਗੀ, ਕਿਉਂਕਿ ਲੋਕ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮੂੰਹ ਲਗਾਉਣ ਦੇ ਮੂੜ ਵਿਚ ਨਜ਼ਰ ਨਹੀਂ ਆਉਂਦੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਨਗਰ ਪੰਚਾਇਤ ਭਿੱਖੀਵਿੰਡ ਵਿਖੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਜੱਗਾ ਘੁਰਕਵੰਡੀਆ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਚੋਣ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਵਿਚ ਆਪਣਾ ਮੁੜ ਵਿਸ਼ਵਾਸ ਵਿਖਾ ਰਹੇ ਹਨ ਅਤੇ ਕਾਂਗਰਸ ਪਾਰਟੀ ਨੂੰ ਵੱਡੇ ਪੱਧਰ 'ਤੇ ਵੋਟਾਂ ਪਾ ਕੇ ਜਗਾਉਣਗੇ, ਕਿਉਂਕਿ ਅੱਜ ਪੰਜਾਬ ਦਾ ਜੋ ਹਾਲ ਆਮ ਆਦਮੀ ਪਾਰਟੀ ਨੇ ਕਰ ਦਿੱਤਾ ਹੈ | ਇਸ ਤੋਂ ਸਿਰਫ ਕਾਂਗਰਸ ਪਾਰਟੀ ਹੀ ਪੰਜਾਬ ਨੂੰ ਬਾਹਰ ਕੱਢ ਸਕਦੀ ਹੈ, ਕਿਉਂਕਿ ਅੱਜ ਛੋਟੇ ਵਪਾਰੀ ਤੱਕ ਨੂੰ ਫਿਰੌਤੀਆਂ ਦੇ ਫੋਨ ਆਉਂਦੇ ਹਨ ਅਤੇ ਨਸ਼ਾ ਜਿਸ ਹੱਦ ਤੱਕ ਵੱਧ ਚੁੱਕਾ ਹੈ, ਇਸ ਨੂੰ ਕਾਬੂ ਕਰਨਾ ਆਮ ਆਦਮੀ ਪਾਰਟੀ ਦੇ ਵੱਸ ਦੀ ਗੱਲ ਨਹੀਂ | ਉਨ੍ਹਾਂ ਅੱਗੇ ਕਿਹਾ ਕਿ ਭਿੱਖੀਵਿੰਡ ਦੇ ਲੋਕ ਪੂਰੀ ਤਰਾਂ ਕਾਂਗਰਸ ਪਾਰਟੀ ਦੇ ਨਾਲ ਹਨ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤਣਗੇ | ਇਸ ਮੌਕੇ ਉਨ੍ਹਾਂ ਨਾਲ ਉਮੀਦਵਾਰ ਜਗਜੀਤ ਸਿੰਘ ਜੱਗਾ ਘੁਰਕਵੰਡੀਆ, ਸਤਨਾਮ ਸਿੰਘ ਸਰਪੰਚ ਭਿੱਖੀਵਿੰਡ, ਕਾਰਜ ਸਿੰਘ ਡਲੀਰੀ, ਕੌਂਸਲਰ ਯਾਦਵਿੰਦਰ ਸਿੰਘ, ਸੁਖਦੇਵ ਸਿੰਘ, ਸਰਪੰਚ ਮਨਦੀਪ ਸਿੰਘ, ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਚੱਡਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |