24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਨਗਰ ਕੌਂਸਲ ਚੋਣਾਂ ਦੌਰਾਨ ਵੀ ਪੱਟੀ ਸ਼ਹਿਰ 'ਚ ਜਗ੍ਹਾ– ਜਗ੍ਹਾ ਲੱਗੇ ਕੂੜੇ ਦੇ ਢੇਰ, ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

Ad Position 21
No active advertisement
ਗਾਂਧੀ ਸੱਥ ਪੱਟੀ ਵਿਚ ਲੱਗੇ ਗੰਦਗੀ ਦੇ ਢੇਰ, ਬੱਸ ਸਟੈਂਡ ਪੱਟੀ ਦੇ ਬਾਹਰ ਖਿਲਰਿਆ ਹੋਇਆ ਕੂੜਾ, ਸਰਕਾਰੀ ਕੰਨਿਆ ਸੀਨੀਅਰ ਸੈਕੈਂਡਰੀ ਸਕੂਲ ਪੱਟੀ ਦੇ ਰਸਤੇ ਵਿਚ ਲੱਗੇ ਹੋਏ ਕੂੜੇ ਦੇ ਅੰਬਾਰ | ਤਸਵੀਰਾਂ: ਕਾਲੇਕੇ <br/> 22-05-2026
ਪੱਟੀ, 21 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)—ਪੱਟੀ ਵਿਖੇ ਜਿਥੇ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਹਨ ਤੇ ਵੱਖ–ਵੱਖ ਪਾਰਟੀਆਂ ਦੇ ਆਗੂ ਅਤੇ ਉਮੀਦਵਾਰ ਘਰ-ਘਰ ਜਾ ਕੇ ਆਪਣਾ ਚੋਣ ਪ੍ਰਚਾਰ ਸਰਗਰਮੀ ਨਾਲ ਕਰ ਰਹੇ ਹਨ, ਉਥੇ ਪੱਟੀ ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ | ਪਿਛਲੇ 14 ਦਿਨਾਂ ਤੋਂ ਨਗਰ ਕੌਂਸਲ ਕਰਮਚਾਰੀਆਂ ਦੀ ਹੜ੍ਹਤਾਲ ਕਾਰਨ ਸ਼ਹਿਰ ਵਿਚ ਕੂੜਾ ਕਰਕਟ ਨਹੀਂ ਚੁੱਕਿਆ ਜਾ ਰਿਹਾ, ਪਰ ਪ੍ਰਸ਼ਾਸਨ ਵੀ ਕੂੜਾ ਕਰਕਟ ਨੂੰ ਚੁਕਾਉਣ ਵਿਚ ਪੂਰੀ ਤਰ੍ਹਾਂ ਅਸਫ਼ਲ ਹੋਇਆ ਹੈ | ਦੂਜੀ ਤਰਫ਼ ਨਗਰ ਕੌਂਸਲ ਚੋਣਾਂ ਲੜਨ ਵਾਲੇ ਉਮੀਦਵਾਰ ਘਰ ਘਰ ਜਾ ਕੇ ਵੋਟਰਾਂ ਨੂੰ ਆਪਣੇ ਵੱਲ ਭਰਮਾਉਣ ਲਈ ਕਈ ਤਰ੍ਹਾਂ ਦੇ ਵਾਅਦੇ ਕਰ ਰਹੇ ਹਨ, ਪਰ ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਖਿੱਲਰੇ ਕੂੜੇ ਦੇ ਮਸਲੇ ਨੂੰ ਹੱਲ ਕਰਨ ਲਈ ਕੋਈ ਅੱਗੇ ਨਹੀਂ ਆਇਆ | ਲਗਪਗ 14 ਦਿਨ ਤੋਂ ਨਗਰ ਕੌਂਸਲ ਦੇ ਮੁਲਾਜ਼ਮ ਅਤੇ ਸਫ਼ਾਈ ਕਰਮਚਾਰੀਆਂ ਵਲੋਂ ਕੀਤੀ ਹੜਤਾਲ ਕਾਰਨ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਕੂੜੇ ਦੇ ਢੇਰਾਂ ਨਾਲ ਆਉਣ– ਜਾਣ ਵਾਲਿਆਂ, ਖਾਸ ਕਰ ਸਕੂਲੀ ਬੱਚਿਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਅੱਤ ਦੀ ਪੈ ਰਹੀ ਗਰਮੀ ਦੇ ਮੌਕੇ ਕੂੜੇ ਦੇ ਢੇਰਾਂ ਕੋਲੋਂ ਆਉਂਦੀ ਗੰਦਗੀ ਦੀ ਬਦਬੂ ਨਾਲ ਰਾਹਗੀਰਾਂ ਦਾ ਲੰਘਣਾ ਅਤੇ ਨਜ਼ਦੀਕੀ ਦੁਕਾਨਾਂ ਅਤੇ ਘਰ ਵਾਲਿਆਂ ਵਾਸਤੇ ਬੜੀ ਮੁਸ਼ਕਿਲ ਬਣੀ ਹੋਈ ਹੈ | ਪੱਟੀ ਸ਼ਹਿਰ ਦੇ ਸੈਂਟਰ ਪੁਆਇੰਟ ਗਾਂਧੀ ਸੱਥ ਵਿਚ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਨਜਦੀਕ ਲੱਗੇ ਕੂੜੇ ਦੇ ਢੇਰ ਨੇ ਸੜਕ ਵੀ ਸਾਰੀ ਢੱਕ ਲਈ ਹੈ | ਇਸੇ ਜਗ੍ਹਾ ਦੇ ਨਜ਼ਦੀਕ ਗੁਰਦੁਆਰਾ ਭੱਠ ਸਾਹਿਬ ਬਾਬਾ ਬਿਧੀ ਚੰਦ ਜੀ ਦਾ ਰਸਤਾ ਹੈ | ਇਸੇ ਰਸਤੇ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਕੈਂਪਸ, ਸਿਵਲ ਹਸਪਤਾਲ ਪੱਟੀ ਅਤੇ ਪੰਜਾਬ ਰੋਡ ਵਰਕਸ਼ਾਪ ਵਾਲਾ ਰਸਤਾ ਪੈਂਦਾ ਹੈ | ਇਸੇ ਤਰ੍ਹਾਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਕਿ ਹਜ਼ਾਰਾਂ ਵਿਦਿਆਰਥਣਾਂ ਪੜ੍ਹਦੀਆਂ ਹਨ, ਜਿਸ ਰਸਤੇ ਤੋਂ ਲੰਘ ਕੇ ਜਾਂਦੀਆਂ ਹਨ, ਉਹ ਰਸਤਾ ਕੂੜੇ ਨੇ ਅੱਧੇ ਤੋਂ ਜ਼ਿਆਦਾ ਰੋਕ ਲਿਆ ਹੈ ਤੇ ਇੱਥੋਂ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰ ਗੰਦਗੀ ਦੀ ਦੁਰਗੰਧ ਤੋਂ ਪ੍ਰੇਸ਼ਾਨ ਹੋ ਕੇ ਲੰਘ ਰਹੇ ਹਨ | ਪੱਟੀ ਸ਼ਹਿਰ ਦੇ ਬੱਸ ਸਟੈਂਡ ਦੇ ਬਾਹਰ ਲੱਗੇ ਕੂੜੇ ਦੇ ਢੇਰ ਸਵਾਰੀਆਂ ਨੂੰ ਪ੍ਰੇਸ਼ਾਨ ਤਾਂ ਕਰ ਹੀ ਰਹੇ ਹਨ, ਉੱਥੇ ਹੀ ਨਜ਼ਦੀਕੀ ਦੁਕਾਨਦਾਰਾਂ ਨੂੰ ਗਰਮੀ ਦੇ ਮੌਸਮ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ, ਕਿਉਂਕਿ ਗੰਦਗੀ ਦੇ ਢੇਰਾਂ ਕਾਰਨ ਮੱਛਰ ਦੀ ਬਹੁਤਾਤ ਹੋ ਚੁੱਕੀ ਹੈ | ਇਹੋ ਹਾਲ ਸ਼ਹਿਰ ਦੇ ਵੱਖ-ਵੱਖ ਕਲੋਨੀਆਂ, ਮੁਹੱਲਾ, ਬਾਜ਼ਾਰਾਂ ਅਤੇ ਗਲੀਆਂ ਦਾ ਬਣਿਆ ਹੋਇਆ ਹੈ | ਜਿੱਥੇ ਲੋਕਾਂ ਦਾ ਜੀਣਾ ਦੁੱਭਰ ਹੋ ਗਿਆ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਨੂੰ ਇਸ ਦੇ ਬਦਲਵੇਂ ਹੱਲ ਲੱਭਣ ਦੀ ਵੀ ਜ਼ਰੂਰਤ ਹੈ, ਤਾਂ ਜੋ ਸ਼ਹਿਰ ਦੀ ਸਾਫ਼–ਸਫ਼ਾਈ ਵੱਲ ਧਿਆਨ ਦਿੱਤਾ ਜਾ ਸਕੇ | ਇਸ ਸੰਬੰਧੀ ਜਦੋਂ ਨਗਰ ਕੌਂਸਲ ਪੱਟੀ ਦੇ ਕਾਰਜਸਾਧਕ ਅਫਸਰ ਧਰਮਪਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਵਿਚਕਾਰ ਗੱਲਬਾਤ ਹੋ ਚੁੱਕੀ ਹੈ ਤੇ ਹੋ ਸਕਦਾ ਹੈ ਕਿ ਅਗਲੇ ਦਿਨ ਤੱਕ ਹੀ ਇਹ ਕੰਮ 'ਤੇ ਵਾਪਸ ਆ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਕਾਂਗਰਸ ਵਧੀਆ ਪ੍ਰਦਰਸ਼ਨ ਕਰੇਗੀ- ਭੁੱਲਰ <br/> ਅਗਲੀ ਖ਼ਬਰ ਵਿਧਾਇਕ ਸਰਵਨ ਸਿੰਘ ਧੁੰਨ ਨੇ ਵਿਨੈ ਮਲੋਤਰਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/>
Ad Position 24