ਤਰਨ ਤਾਰਨ, 22 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਰਹਾਲੀ ਦੀ ਪੁਲਿਸ ਨੇ ਹਥਿਆਰਾਂ ਨਾਲ ਲੈਸ ਹੋ ਕੇ ਕੁੱਝ ਵਿਅਕਤੀਆਂ ਵਲੋਂ ਮਾਰ ਦੇਣ ਦੀ ਨੀਅਤ ਨਾਲ 2 ਵਿਅਕਤੀਆਂ ਉਪਰ ਫਾਇਰ ਕਰ ਦਿੱਤੇ, ਜਿਸ ਕਾਰਨ 2 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਦੇ ਮਾਮਲੇ ਵਿਚ ਪੁਲਿਸ ਨੇ 7 ਵਿਅਕਤੀਆਂ ਤੋਂ ਇਲਾਵਾ 8 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਸਰਹਾਲੀ ਵਿਖੇ ਨਿਰਮਲ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਜੌੜਾ ਨੇ ਸ਼ਿਕਾਇਤ ਦਰਜ ਕਰਵਾਈ ਕਿ 21 ਮਈ ਨੂੰ ਸਾਡੇ ਪਿੰਡ ਬਾਬਾ ਬਸ਼ੀਰ ਸ਼ਾਹ ਦੀ ਦਰਗਾਹ 'ਤੇ ਮੇਲਾ ਲੱਗਦਾ ਹੈ | ਮੈਂ ਅਤੇ ਮੇਰੇ ਲੜਕੇ ਜੁਗਰਾਜ ਸਿੰਘ ਉਰਫ ਗਿਆਨੀ ਅਤੇ ਜਗਰੂਪ ਸਿੰਘ ਤੇ ਮੇਰੇ ਲੜਕਿਆਂ ਦੇ ਦੋਸਤ ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਅਤੇ ਗੋਰਾ ਵਾਸੀਆਨ ਨੱਥੂਚੱਕ ਮੇਲਾ ਦੇਖਣ ਆਏ ਸੀ | ਅਸੀਂ ਮੇਲੇ ਵਿਚ ਲੰਗਰ ਪਾਣੀ ਛੱਕ ਰਹੇ ਸੀ ਤਾਂ ਉਸ ਸਮੇਂ ਅਕਾਸ਼ਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ, ਲਵਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ, ਅਰਸ਼ਦੀਪ ਸਿੰਘ ਪੁੱਤਰ ਨਿਸ਼ਾਨ ਸਿੰਘ, ਨਿਸ਼ਾਨ ਸਿੰਘ ਪੁੱਤਰ ਦਲਬੀਰ ਸਿੰਘ, ਜੋਬਨਜੀਤ ਸਿੰਘ ਪੁੱਤਰ ਗੁਰਸਾਹਿਬ ਸਿੰਘ, ਜੁਗਰਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀਆਨ ਜੋੜਾ, ਸੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਦੁਬਲੀ ਅਤੇ 7-8 ਅਣਪਛਾਤੇ ਵਿਅਕਤੀਆਂ ਨੇ ਆਪਣੇ-ਆਪਣੇ ਹਥਿਆਰਾਂ ਤੇ ਰਾਇਫਲ ਡਬਲ ਬੈਰਲ 12 ਬੋਰ ਜੋ ਕਾਲੀ ਸਕਾਰਪਿਓ 'ਤੇ ਸਵਾਰ ਹੋ ਕੇ ਆਏ ਸਨ, ਉਨ੍ਹਾਂ ਨੇ ਮੇਲੇ ਵਿਚ ਆ ਕੇ ਮੇਰੇ ਨਾਲ ਅਤੇ ਮੇਰੇ ਲੜਕਿਆਂ ਨਾਲ ਤੂੰ-ਤੂੰ ਮੈਂ-ਮੈਂ ਕਰਨੀ ਸ਼ੁਰੂ ਕਰ ਦਿੱਤੀ | ਜੁਗਰਾਜ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਜੋੜਾਂ ਨੇ ਲਲਕਾਰਾ ਮਾਰਿਆ ਕਿ ਫੜ ਲਉ ਕਿ ਅੱਜ ਇਨ੍ਹਾਂ ਨੂੰ ਸਾਡੇ ਨਾਲ ਲੜਾਈ ਝਗੜਾ ਕਰਨ ਦਾ ਮਜ਼ਾ ਚਖਾ ਦਿੰਦੇ ਹਾਂ | ਜਿਸ 'ਤੇ ਸੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਆਪਣੀ ਦਸਤੀ ਰਾਇਫਲ 12 ਬੋਰ ਨਾਲ ਸਿੱਧਾ ਫਾਇਰ ਮਾਰ ਦੇਣ ਦੀ ਨੀਅਤ ਨਾਲ ਮੇਰੇ ਲੜਕੇ ਜੁਗਰਾਜ ਸਿੰਘ ਉਰਫ ਗਿਆਨੀ 'ਤੇ ਕੀਤਾ , ਜਿਸਦੇ ਛਰੇ ਉਸਦੇ ਮੱਥੇ ਤੇ ਪੇਟ ਵਿਚ ਲਗੇ ਅਤੇ ਉਸਨੇ ਦੂਸਰਾ ਫਾਇਰ ਮੇਰੇ ਬੇਟੇ ਦੇ ਦੋਸਤ ਮਨਪ੍ਰੀਤ ਸਿੰਘ ਤੇ ਕੀਤਾ ਜੋ 12 ਬੋਰ ਦੇ ਛਰੇ ਉਸ ਦੇ ਸਰੀਰ 'ਤੇ ਲੱਗੇ | ਅਕਾਸ਼ਦੀਪ ਸਿੰਘ ਨੇ ਆਪਣੇ ਦਸਤੀ ਦਾਤਰ ਦਾ ਵਾਰ ਮੇਰੇ ਬੇਟੇ ਦੇ ਦੋਸਤ ਗੋਰਾ ਵਾਸੀ ਨੱਥੂਚੱਕ ਦੇ ਕੀਤਾ ਤਾਂ ਉਸ ਦੇ ਵੀ ਗੰਭੀਰ ਸੱਟਾਂ ਲੱਗ ਗਈਆਂ | ਰੌਲਾ ਪੈ ਜਾਣ 'ਤੇ ਉਕਤ ਵਿਅਕਤੀ ਆਪਣੇ-ਆਪਣੇ ਹਥਿਆਰਾਂ ਨਾਲ ਕਾਲੇ ਰੰਗ ਦੀ ਸਕਾਰਪਿਉ 'ਤੇ ਸਵਾਰ ਹੋ ਕੇ ਮੌਕਾ ਤੋੋਂ ਦੋੜ ਗਏ ਜਿਨ੍ਹਾਂ ਨਾਲ 7-8 ਹੋਰ ਅਣਪਛਾਤੇ ਵਿਅਕਤੀ ਸਨ | ਜਾਂਚ ਅਧਿਕਾਰੀ ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |