ਗੋਇੰਦਵਾਲ ਸਾਹਿਬ, 25 ਮਈ (ਸਕੱਤਰ ਸਿੰਘ ਅਟਵਾਲ)-ਗੋਇੰਦਵਾਲ ਸਾਹਿਬ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਤੇ ਮੀਤ ਪ੍ਰਧਾਨ ਇਕਬਾਲ ਸਿੰਘ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸਨਅਤੀ ਏਰੀਏ ਵਿਚ ਦਿਨੋ-ਦਿਨ ਲੇਬਰ ਵਰਗ ਨਾਲ ਹੋ ਰਹੀਆਂ ਲੁੱਟ-ਖੋਹ ਅਤੇ ਛੀਨਾ-ਝਪਟੀ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਬਣਦੀਆਂ ਜਾ ਰਹੀਆਂ ਹਨ | ਭਰੋਵਾਲ ਨੇ ਅਲਟਰਨਿਕ ਲਿਮਟਿਡ ਫੈਕਟਰੀ ਦੇ ਮਜ਼ਦੂਰ ਵਿਜੈ ਕੁਮਾਰ ਨੂੰ ਪ੍ਰੈਸ ਅੱਗੇ ਪੇਸ਼ ਕਰਦਿਆਂ ਦੱਸਿਆ ਕਿ ਰਾਤ ਤਿੰਨ ਮੋਟਰਸਾਈਕਲ ਸਵਾਰਾਂ ਨੇ ਘੇਰਾਬੰਦੀ ਕਰਕੇ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ 'ਚ ਕੁੱਟਿਆ ਮਾਰਿਆ, ਜਿਸ ਕਾਰਨ ਲੇਬਰ 'ਚ ਦਹਿਸ਼ਤ ਦਾ ਮਾਹੌਲ ਹੈ | ਭਰੋਵਾਲ ਨੇ ਕਿਹਾ ਕਿ ਫੈਕਟਰੀਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਰਾਤ ਸਮੇਂ ਡਿਊਟੀ ਤੋਂ ਘਰ ਵਾਪਸ ਜਾਂਦੇ ਹੋਏ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ | ਕਈ ਮਜ਼ਦੂਰਾਂ ਨਾਲ ਮੋਬਾਈਲ ਫੋਨ, ਨਕਦੀ ਅਤੇ ਹੋਰ ਸਾਮਾਨ ਦੀ ਲੁੱਟ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਮਜ਼ਦੂਰਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਐਸੋਸੀਏਸ਼ਨ ਵਲੋਂ ਮੰਗ ਕਰਦੇ ਹਾਂ ਕਿ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਜਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਤੋਂ ਤੁਰੰਤ ਕਾਰਵਾਈ ਕਰੇ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਨ੍ਹਾਂ ਘਟਨਾਵਾਂ ਵਿਚ ਹੋਰ ਵਾਧਾ ਹੋ ਸਕਦਾ ਹੈ, ਜਿਸ ਨਾਲ ਜਦੋਂ ਟੈਕਨੀਕਲ ਲੈਬਰ ਨਹੀ ਹੋਵੇਗੀ ਤਾਂ ਫੈਕਟਰੀਆਂ ਕਿੰਝ ਚੱਲਣਗੀਆਂ | ਇਸ ਮੌਕੇ ਸਨਅਤਕਾਰਾਂ ਜ਼ਿਲ੍ਹਾ ਤਰਨ ਤਾਰਨ ਦੇ ਐੱਸ. ਐੱਸ. ਪੀ. ਨੂੰ ਅਪੀਲ ਕੀਤੀ ਕਿ ਗੋਇੰਦਵਾਲ ਸਾਹਿਬ ਇੰਡਸਟਰੀਅਲ ਏਰੀਆ ਵਿਚ ਦਿਨ-ਰਾਤ ਸਮੇਂ ਪੀ.ਸੀ.ਆਰ. ਟੀਮਾਂ ਦੀ ਨਿਯਮਿਤ ਤਾਇਨਾਤੀ ਕੀਤੀ ਜਾਵੇ ਅਤੇ ਪੁਲਿਸ ਪੈਟਰੋਲਿੰਗ ਵਧਾਈ ਜਾਵੇ, ਤਾਂ ਜੋ ਮਜ਼ਦੂਰ ਵਰਗ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕੇ | ਨਾਲ ਹੀ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਲਾਕੇ ਵਿਚ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖੀ ਜਾਵੇ | ਇਸ ਮੌਕੇ ਪੀੜਤ ਲੇਬਰ ਦੇ ਫੈਕਟਰੀ ਪ੍ਰੋਡੈਕਸ਼ਨ ਮੈਨੇਜ਼ਰ ਨਕੁਲ ਕੁਮਾਰ, ਨਿਰਮਲ ਸਿੰਘ, ਸਨਅਤਕਾਰ ਬਲਵਿੰਦਰ ਸਿੰਘ ਤੇ ਇਕਬਾਲ ਸਿੰਘ ਸੈਣੀ ਆਦਿ ਹਾਜ਼ਰ ਸਨ |