ਝਬਾਲ, 25 ਮਈ (ਸੁਖਦੇਵ ਸਿੰਘ)-ਸੂਬੇ ਵਿਚ ਜਿਥੇ ਰੋਜ਼ਾਨਾ ਹੀ ਹੋ ਰਹੇ ਹਾਦਸਿਆਂ ਵਿਚ ਸੈਂਕੜੇ ਲੋਕ ਆਪਣੀ ਜਾਨ ਗਵਾਉਂਦੇ ਹਨ, ਉਥੇ ਬਹੁਤ ਸਾਰੇ ਲੋਕ ਇਨ੍ਹਾਂ ਸੜਕ ਹਾਦਸਿਆਂ ਵਿਚ ਅਪਾਹਜ ਹੋਣ ਦੇ ਨਾਲ-ਨਾਲ ਆਪਣੇ ਵਾਹਨਾਂ ਦੇ ਨੁਕਸਾਨ ਝੱਲ ਰਹੇ ਹਨ | ਇਸ ਲਈ ਕਿਤੇ ਨਾ ਕਿਤੇ ਉਹ ਲੋਕ ਵੀ ਜ਼ਿੰਮੇਵਾਰ ਹਨ, ਜੋ ਬਿਨਾਂ ਕਿਸੇ ਪ੍ਰਵਾਹ ਆਪਣੇ ਪਸ਼ੂਆਂ ਨੂੰ ਸੜਕਾਂ 'ਤੇ ਬੇਟੋਕ ਲੈ ਕੇ ਚੱਲਦੇ ਹਨ ਅਤੇ ਉਨ੍ਹਾਂ ਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੁੰਦੀ ਕਿ ਸੜਕ ਦੇ ਅੱਗੇ ਜਾਂ ਪਿੱਛੇ ਕੋਈ ਵਾਹਨ ਕਿਸ ਰਫ਼ਤਾਰ ਨਾਲ ਆ ਰਹੇ ਹਨ | ਇਸ ਤੋਂ ਇਲਾਵਾ ਇਹ ਪਸ਼ੂ ਸੜਕਾਂ ਦੇ ਆਲੇ-ਦੁਆਲੇ ਲਗਾਏ ਗਏ ਬੂਟਿਆਂ ਅਤੇ ਰੁੱਖਾਂ ਲਈ ਵੀ ਨੁਕਸਾਨ ਦੇਹ ਸਾਬਿਤ ਹੋ ਰਹੇ ਹਨ, ਪਰ ਇਨ੍ਹਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੈ | ਝਬਾਲ-ਅੰਮਿ੍ਤਸਰ ਨੈਸ਼ਨਲ ਹਾਈਵੇ ਅਤੇ ਬਾਬਾ ਬੁੱਢਾ ਸਾਹਿਬ ਮਾਰਗ ਸਮੇਤ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਘੁੰਮਦੇ ਗੁੱਜਰਾਂ ਦੇ ਡੰਗਰ ਜਿੱਥੇ ਰਾਹਗੀਰਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਉੱਥੇ ਵਾਤਾਵਰਨ ਨੂੰ ਸ਼ੁੱਧ ਤੇ ਹਰਿਆ-ਭਰਿਆ ਰੱਖਣ ਲਈ ਵਾਤਾਵਰਣ ਪ੍ਰੇਮੀਆਂ ਤੇ ਜੰਗਲਾਤ ਵਿਭਾਗ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਗਏ ਰੁੱਖਾਂ ਦਾ ਉਜਾੜਾ ਕਰ ਰਹੇ ਹਨ | ਭਾਵੇਂ ਕਿ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ 3 ਜੁਲਾਈ 2024 ਨੂੰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਝੁੰਡਾਂ ਦੇ ਰੂਪ ਵਿਚ ਸੜਕਾਂ 'ਤੇ ਇੱਧਰ ਉੱਧਰ ਲਿਜਾਣ 'ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ, ਪਰ ਇਨ੍ਹਾਂ ਹੁਕਮਾਂ ਦੇ ਬਾਵਜੂਦ ਵੀ ਗੁੱਜਰਾਂ ਵਲੋਂ ਨੈਸ਼ਨਲ ਹਾਈਵੇ ਤੋਂ ਇਲਾਵਾ ਲਿੰਕ ਸੜਕਾਂ ਤੇ ਬਿਨਾਂ ਖ਼ੌਫ਼ ਝੁੰਡਾਂ ਦੇ ਰੂਪ ਵਿਚ ਡੰਗਰ ਘੁੰਮਾਏ ਜਾ ਰਹੇ ਹਨ | ਜੰਗਲਾਤ ਮਹਿਕਮੇਂ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਗਏ ਰੁੱਖਾਂ ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ | ਨੈਸ਼ਨਲ ਹਾਈਵੇ 'ਤੇ ਇਨ੍ਹਾਂ ਡੰਗਰਾਂ ਦੇ ਅਚਾਨਕ ਤੇਜ਼ ਰਫ਼ਤਾਰ ਵਾਹਨਾਂ ਦੇ ਅੱਗੇ ਆ ਜਾਣ ਕਰਕੇ ਅਨੇਕਾਂ ਦਰਦਨਾਕ ਹਾਦਸੇ ਵਾਪਰ ਰਹੇ ਹਨ | ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਇਨ੍ਹਾਂ ਡੰਗਰਾਂ ਦੇ ਲੰਘਣ ਕਾਰਨ ਆਵਾਜਾਈ ਵਿਚ ਵੀ ਭਾਰੀ ਵਿਘਨ ਪੈਂਦਾ ਹੈ | ਇਤਿਹਾਸਕ ਅਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਨੂੰ ਆਉਂਦੀਆਂ ਸੜਕਾਂ 'ਤੇ ਵੀ ਗੁੱਜਰਾਂ ਦੇ ਡੰਗਰਾਂ ਦੀ ਭਰਮਾਰ ਕਰਕੇ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਰਦੁਆਰਾ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਕਈ-ਕਈ ਘੰਟੇ ਜਾਮ ਵਿਚ ਫਸੇ ਰਹਿੰਦੇ ਹਨ | ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਉਸ ਵਲੋਂ ਜਨਤਕ ਥਾਵਾਂ 'ਤੇ ਲਗਾਏ ਜਾ ਰਹੇ ਰੁੱਖਾਂ ਦਾ ਗੁੱਜਰਾਂ ਦੇ ਡੰਗਰਾਂ ਵਲੋਂ ਉਜਾੜਾ ਕੀਤਾ ਜਾ ਰਿਹਾ ਹੈ | ਉਸ ਨੇ ਗੁੱਜਰਾਂ ਦੇ ਡੰਗਰਾਂ ਵਲੋਂ ਰੁੱਖਾਂ ਦੇ ਕੀਤੇ ਜਾ ਰਹੇ ਉਜਾੜੇ ਤੇ ਸੜਕੀ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਕੋਲੋਂ ਗੁੱਜਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ |