ਤਰਨ ਤਾਰਨ, 25 ਮਈ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਨਗਰ ਕੌਂਸਲ ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਇਕ ਉਮੀਦਵਾਰ ਵਲੋਂ ਆਪਣੇ ਸਾਥੀਆਂ ਸਮੇਤ ਇਕ ਵਿਅਕਤੀ 'ਤੇ ਜਾਨਲੇਵਾ ਹਮਲਾ ਕਰਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਅਤੇ ਉਸਦਾ ਲਾਇਸੰਸੀ ਰਿਵਾਲਰ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਇਕ ਵਿਅਕਤੀ ਸਮੇਤ 8-10 ਅਣਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਪੱਟੀ ਵਿਖੇ ਰਾਜਬੀਰ ਸਿੰਘ ਪੁੱਤਰ ਗੁਰਮੇਹਰ ਸਿੰਘ ਸਾਬਕਾ ਸਰਪੰਚ ਮਾਹਮਣੇਕੇ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰਾ ਦੋਸਤ ਮਨਦੀਪ ਸਿੰਘ ਵਕੀਲ ਪੁੱਤਰ ਕੁਲਦੀਪ ਸਿੰਘ ਵਾਸੀ ਵਾਰਡ ਨੰਬਰ 17 ਪੱਟੀ ਜੋ ਆਮ ਆਦਮੀ ਪਾਰਟੀ ਵਲੋੋਂ ਵਾਰਡ ਨੰਬਰ 17 ਵਿਚ ਬਤੌਰ ਕੌਂਸਲਰ ਉਮੀਦਵਾਰ ਚੋਣ ਲੜ ਰਿਹਾ ਹੈ | ਮੈਂ ਉਸਨੂੰ ਮਿਲਕੇ ਸਵੇਰੇ ਘਰ ਵਾਪਿਸ ਆ ਰਿਹਾ ਸੀ ਤਾਂ ਜਦ ਮੈਂ ਡਾਕਟਰ ਕੋਮਲ ਵਾਲੀ ਗਲੀ ਤੋਂ ਮੇਨ ਸੜਕ ਜੇਲ੍ਹ ਰੋਡ 'ਤੇ ਆਪਣੀ ਕਾਰ ਨੰਬਰ ਪੀ.ਬੀ. 46 ਏ. 5790 'ਤੇ ਮੁੜਨ ਲੱਗਾ ਤਾਂ ਜੋਧਬੀਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪੱਟੀ ਜੋ ਵੀ ਆਜ਼ਾਦ ਉਮੀਦਵਾਰ ਵਾਰਡ ਨੰਬਰ 17 ਵਿਚ ਚੋਣ ਲੜ ਰਿਹਾ ਹੈ, ਸਮੇਤ ਆਪਣੇ 8/10 ਵਰਕਰਾਂ ਨਾਲ ਜਿਨਾਂ ਪਾਸ ਪਿਸਟਲ/ਰਿਵਾਲਵਰ ਸਨ ਨੇ ਮੈਨੂੰ ਰੋਕ ਲਿਆ ਅਤੇ ਗੱਡੀ ਵਿਚੋਂ ਉਤਾਰ ਕਿ ਕਹਿਣ ਲੱਗੇ ਕਿ ਤੂੰ ਮਨਦੀਪ ਸਿੰਘ ਦੀ ਮਦਦ ਕਰਨ ਆਇਆ ਹੈ ਤਾਂ ਜੋਧਬੀਰ ਸਿੰਘ ਅਤੇ ਇਸਦੇ ਸਾਥੀਆਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਜੋਧਬੀਰ ਸਿੰਘ ਨੇ ਆਪਣਾ ਪਿਸਟਲ ਕੱਢ ਕਿ ਮੇਰੇ ਸਿਰ 'ਤੇ ਰੱਖ ਦਿੱਤਾ ਅਤੇ ਕਿਹਾ ਕਿ ਤੂੰ ਸਾਰੇ ਵਿਰੋਧੀ ਉਮੀਦਵਾਰ ਮਨਦੀਪ ਵਕੀਲ ਦੀ ਮਦਦ ਕਰ ਰਿਹਾ ਹੈ, ਤੈਨੂੰ ਜਿਉਂਦਾ ਨਹੀਂ ਛੱਡਣਾ ਅਤੇ ਮੈਨੂੰ ਮੌਤ ਦਾ ਡਰ ਦੇ ਕਿ ਮੇਰਾ ਲਾਇਸੰਸੀ ਰਿਵਾਲਵਰ ਸਮੇਤ 6 ਰੌਦ 32 ਬੋਰ ਖੋਹ ਕੇ ਲੈ ਗਏ | ਜਾਂਚ ਅਧਿਕਾਰੀ ਏ.ਐੱਸ.ਆਈ. ਸਰੂਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |