ਤਰਨ ਤਾਰਨ, 25 ਮਈ (ਹਰਿੰਦਰ ਸਿੰਘ)ਪਿ੍ੰਸੀਪਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਜ਼ਿਲ੍ਹਾ ਕੋਰਟ ਕੰਪਲੈਕਸ ਤਰਨ ਤਾਰਨ ਵਿਖੇ ਨਿਆਇਕ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਕਾਰਨਾਂ ਕਰਕੇ ਅੱਗ ਲੱਗਣ ਵਾਲੇ ਐਮਰਜੈਂਸੀ ਹਾਲਾਤ ਵਿਚ ਸੇਫਟੀ ਵਰਤਣ ਅਤੇ ਅੱਗ ਬੁਝਾਉਣੀ ਦੀ ਟ੍ਰੇਨਿੰਗ ਦਿਵਾਈ ਗਈ | ਇਹ ਟ੍ਰੇਨਿੰਗ ਪ੍ਰੋਗਰਾਮ ਪੰਜਾਬ ਫਾਇਰ ਸਰਵਿਸ ਦੀ ਸਤੀਸ਼ ਸਲਵਾਨ ਦੀ ਅਗਵਾਈ ਵਾਲੀ ਜ਼ਿਲ੍ਹਾ ਫਾਇਰ ਵਿਭਾਗ ਦੀ ਵਲੋਂ ਕਰਵਾਇਆ ਗਿਆ, ਜਿਸ ਵਿਚ ਰਾਮਦੀਪ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਦਾਨਿਸ਼ ਚੌਹਾਨ, ਜਗਦੀਪ ਸਿੰਘ ਅਤੇ ਯਾਦਵਿੰਦਰ ਸਿੰਘ ਸ਼ਾਮਿਲ ਸਨ, ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਫਾਇਰ ਸੇਫਟੀ ਦੀ ਇਕ ਮੌਕ ਡਰਿੱਲ ਵੀ ਕੀਤੀ ਗਈ | ਇਸ ਮੌਕੇ ਪੰਜਾਬ ਫਾਇਰ ਸਰਵਿਸ ਦੀ ਟੀਮ ਵਲੋਂ ਨਿਆਇਕ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਸਭ ਤੋਂ ਪਹਿਲਾਂ ਅੱਗ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਿਆ ਗਿਆ ਅਤੇ ਟ੍ਰੇਨਿੰਗ ਦੌਰਾਨ ਅੱਗ ਦੀਆਂ ਵੱਖ-ਵੱਖ ਸ਼੍ਰੇਣੀਆਂ ਅਤੇ ਉਨਾਂ 'ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਸਮਝਾਇਆ ਗਿਆ ਕਿ ਕਲਾਸ ਏ ਅੱਗ ਵਿਚ ਲੱਕੜ, ਕਾਗਜ਼, ਕੱਪੜਾ, ਰਬੜ ਅਤੇ ਪਲਾਸਟਿਕ ਵਰਗੀਆਂ ਆਮ ਜਲਣਸ਼ੀਲ ਵਸਤਾਂ ਸ਼ਾਮਿਲ ਹੁੰਦੀਆਂ ਹਨ | ਕਲਾਸ ਬੀ ਅੱਗ ਪੈਟਰੋਲ, ਡੀਜ਼ਲ, ਤੇਲ, ਪੇਂਟ ਅਤੇ ਰਸਾਇਣਕ ਪਦਾਰਥਾਂ ਵਰਗੀਆਂ ਜਲਣਸ਼ੀਲ ਤਰਲ ਵਸਤਾਂ ਨਾਲ ਸੰਬੰਧਿਤ ਹੁੰਦੀ ਹੈ | ਕਲਾਸ ਸੀ ਅੱਗ ਵਿਚ ਐਲ.ਪੀ.ਜੀ. ਅਤੇ ਪ੍ਰੋਪੇਨ ਵਰਗੀਆਂ ਜਲਣਸ਼ੀਲ ਗੈਸਾਂ ਸ਼ਾਮਿਲ ਹੁੰਦੀਆਂ ਹਨ | ਕਲਾਸ ਡੀ ਅੱਗ ਮੈਗਨੀਸ਼ੀਅਮ, ਸੋਡੀਅਮ ਅਤੇ ਐਲੂਮੀਨੀਅਮ ਪਾਊਡਰ ਵਰਗੀਆਂ ਧਾਤਾਂ ਨਾਲ ਸੰਬੰਧਿਤ ਹੁੰਦੀ ਹੈ, ਜਦਕਿ ਕਲਾਸ ਈ ਅੱਗ ਬਿਜਲੀ ਉਪਕਰਣਾਂ, ਇਲੈਕਟ੍ਰੀਕਲ ਐਪਲਾਇੰਸਜ਼ ਅਤੇ ਸ਼ਾਰਟ ਸਰਕਿਟ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਹੁੰਦੀ ਹੈ | ਟੀਮ ਵਲੋਂ ਹਰ ਕਿਸਮ ਦੀ ਅੱਗ 'ਤੇ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਫੋਰਮ ਫਾਇਰ ਐਕਸਟਿੰਗੂਇਸ਼ਰ, ਕਾਰਬਨ ਫਾਇਰ ਐਕਸਟਿੰਗੂਇਸ਼ਰ, ਡਰਾਈ ਕੈਮੀਕਲ ਪਾਊਡਰ ਐਕਸਟਿੰਗੂਇਸ਼ਰ ਦੀ ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿੱਚ ਵਰਤੋਂ ਦਾ ਪ੍ਰੈਕਟੀਕਲ ਡੈਮੋ ਵੀ ਦਿੱਤਾ ਗਿਆ ਅਤੇ ਫਿਰ (ਆਰ.ਏ.ਸੀ.ਈ.) ਅਤੇ (ਪੀ.ਏ.ਐੱਸ.ਐੱਸ.) ਦੀਆਂ ਵਿਧੀਆਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅੱਗ ਲੱਗਣ ਦੀ ਸੂਰਤ ਵਿਚ (ਆਰ.ਏ.ਸੀ.ਈ.) ਵਿਧੀ ਅਧੀਨ ਬਚਾਓ ਕਰਦੇ ਹੋਏ ਅਲਾਰਮ ਵਜਾਉਣਾ ਹੈ, ਖਿੜਕੀ ਦਰਵਾਜ਼ੇ ਬੰਦ ਰੱਖਣੇ ਹਨ ਅਤੇ ਬਿਲਡਿੰਗ ਤੋਂ ਬਾਹਰ ਨਿਕਲਣਾ ਹੈ | ਇਸ ਤਰ੍ਹਾਂ ਹੀ (ਪੀ.ਏ.ਐੱਸ.ਐੱਸ) ਵਿਧੀ ਅਧੀਨ ਪਹਿਲਾਂ ਤਾਂ ਅੱਗ ਬਝਾਊ ਯੰਤਰ ਵਿਚੋਂ ਪਿੰਨ ਕੱਢਣੀ ਹੈ, ਫਿਰ ਅੱਗ 'ਤੇ ਨਿਸ਼ਾਨਾ ਲਗਾਉਂਦੇ ਹੋਏ ਆਸੇ-ਪਾਸੇ ਘੁੰਮਾ ਕੇ ਛਿੜਕਾਅ ਕਰਨਾ ਹੈ | ਪੰਜਾਬ ਫਾਇਰ ਸਰਵਿਸ ਦੀ ਟੀਮ ਵਲੋਂ ਅੱਗੇ ਦੱਸਿਆ ਗਿਆ ਕਿ ਅੱਗ ਲੱਗਣ ਦੀ ਸੂਰਤ ਵਿਚ ਲਿਫਟ ਦੀ ਵਰਤੋਂ ਨਹੀਂ ਕਰਨਾ ਚਾਹੀਦੀ, ਸਗੋਂ ਪੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ | ਅੱਗ ਲੱਗਣ ਦੀ ਸੂਰਤ ਵਿਚ 101 ਐਮਰਜੈਂਸ਼ੀ ਨੰਬਰਾਂ 'ਤੇ ਸੰਪਰਕ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਪਰ ਦੱਸੇ ਮੁਤਾਬਿਕ ਅੱਗ ਨੂੰ ਕੰਟਰੋਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ | ਕਰਮਚਾਰੀਆਂ ਨੂੰ ਬਾਹਰ ਖੁੱਲ੍ਹੇ ਮੈਦਾਨ ਵਿਚ ਇਕ ਸਥਾਨ 'ਤੇ ਇਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜਾ ਕਰਮਚਾਰੀ ਬਾਹਰ ਆ ਗਿਆ ਅਤੇ ਕਿਹੜਾ ਕਰਮਚਾਰੀ ਅੰਦਰ ਰਹਿ ਗਿਆ ਹੈ | ਟੀਮ ਵਲੋਂ ਕਰਮਚਾਰੀਆਂ ਨੂੰ ਬਿਜਲੀ ਉਪਕਰਨ ਵਰਤੋਂ ਵਿਚ ਨਾ ਹੋਣ 'ਤੇ ਉਪਕਰਨਾਂ ਨੂੰ ਬੰਦ ਕਰਨ ਲਈ ਵੀ ਆਖਿਆ | ਇਸ ਮੌਕੇ ਕਰਮਚਾਰੀਆਂ ਨੂੰ ਟ੍ਰੇਨਿੰਗ ਮਟੀਰੀਅਲ ਵੀ ਵੰਡਿਆ ਗਿਆ | ਪਿ੍ੰਸੀਪਲ ਜ਼ਿਲਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਕੰਵਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਇਸ ਤਰਾਂ ਦੀ ਟ੍ਰੇਨਿੰਗ ਔਖੇ ਸਮੇਂ ਬੜੀ ਮਦਦਗਾਰ ਸਾਬਿਤ ਹੋਵੇਗੀ ਅਤੇ ਕੋਈ ਵੀ ਵੱਡੀ ਅਣਹੋਣੀ ਹੋਣ ਤਾਂ ਬਚਾਅ ਹੋ ਸਕਦਾ ਹੈ | ਉਨ੍ਹਾਂ ਇਸ ਮੌਕੇ ਆਈ ਟੀਮ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਨਿਆਇਕ ਅਫ਼ਸਰਾਂ ਅਤੇ ਕਰਮਚਾਰੀਆਂ ਤੋਂ ਇਲਾਵਾ ਅਮਨਦੀਪ ਸਿੰਘ (ਸਿਵਲ ਜੱਜ ਸੀਨੀਅਰ ਡਵੀਜ਼ਨ), ਇੰਦੂ ਬਾਲਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ, ਕਿਰਨ ਜਯੋਤੀ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ, ਪੀ.ਐਸ.ਢਿੱਲੋਂ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਤਰਨ ਤਾਰਨ ਤੇ ਹੋਰ ਵਕੀਲ ਸਾਹਿਬਾਨ ਵੀ ਹਾਜ਼ਰ ਸਨ |