ਤਰਨ ਤਾਰਨ, 25 ਮਈ (ਹਰਿੰਦਰ ਸਿੰਘ)-ਪਿਛਲੇ 10 ਦਿਨਾਂ ਦੌਰਾਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ 4 ਵਾਰ ਵਾਧਾ ਕੀਤਾ ਗਿਆ ਹੈ | ਇਸ ਦੌਰਾਨ ਲਗਪਗ 7 ਰੁਪਏ ਪ੍ਰਤੀ ਲੀਟਰ ਡੀਜ਼ਲ ਅਤੇ 7 ਰੁਪਏ ਪ੍ਰਤੀ ਲੀਟਰ ਪੈਟਰੋਲ ਦੀਆਂ ਕੀਮਤ ਵਿਚ ਵਾਧਾ ਹੋਇਆ ਹੈ, ਜਿਸ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਤੇ ਇਹ ਵੱਧ ਰਹੀ ਮਹਿੰਗਾਈ ਨੇ ਲੋਕਾਂ ਦੇ ਜਨ ਜੀਵਨ 'ਤੇ ਡੂੰਘਾ ਅਸਰ ਪਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਵਤਾਰ ਸਿੰਘ ਤਨੇਜਾ ਸੀਨੀਅਰ ਕਾਂਗਰਸੀ ਆਗੂ ਹਲਕਾ ਤਰਨ ਤਾਰਨ ਅਤੇ ਪ੍ਰਧਾਨ ਰਾਈਸ ਮਿੱਲਰਜ਼ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਵਲੋਂ ਕੁਝ ਚੁਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਕਿਰਾਏ-ਭਾੜੇ ਵਿਚ ਵਾਧਾ ਹੋਣਾ ਲਾਜ਼ਮੀ ਹੈ ਅਤੇ ਹਰ ਤਰ੍ਹਾਂ ਦੀ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹੈ | ਕੇਂਦਰ ਸਰਕਾਰ ਵਲੋਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਇਸ ਵਾਧੇ ਕਾਰਨ ਆਮ ਲੋਕ ਮਹਿੰਗਾਈ ਦੀ ਚੱਕੀ ਵਿਚ ਪਿਸ ਰਹੇ ਹਨ | ਕੇਂਦਰ ਸਰਕਾਰ ਵਲੋਂ ਗੁਪਤ ਤੌਰ 'ਤੇ ਪਿਛਲੇ 10 ਦਿਨਾਂ ਵਿਚ ਹੀ 4 ਵਾਰ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਲੋਕਾਂ ਦੀ ਰੋਜ਼ਮਰਾ ਦੀ ਜਿੰਦਗੀ ਬਹੁਤ ਪ੍ਰਭਾਵਿਤ ਹੋ ਰਹੀ ਹੈ | ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਣ ਨਾਲ ਆਵਾਜਾਈ ਦੇ ਖਰਚੇ ਵੱਧਣਗੇ ਅਤੇ ਹਰ ਵਰਗ 'ਤੇ ਇਸਦਾ ਸਿੱਧਾ ਅਸਰ ਪਵੇਗਾ | ਇਸ ਵਾਧੇ ਨੂੰ ਕੇਂਦਰ ਸਰਕਾਰ ਵੱਲੋਂ ਤੁਰੰਤ ਵਾਪਸ ਲਿਆ ਜਾਵੇ ਅਤੇ ਟੈਕਸ ਤੇ ਐਕਸਾਈਜ਼ ਡਿਊਟੀ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ, ਤਾਂ ਜੋ ਆਮ ਵਰਗ ਅਤੇ ਖੇਤੀਬਾੜੀ ਨਾਲ ਜੁੜੇ ਲੋਕ ਮਹਿੰਗਾਈ ਤੋਂ ਕੁਝ ਰਾਹਤ ਮਹਿਸੂਸ ਕਰ ਸਕਣ ਅਤੇ ਸੁੱਖ ਦਾ ਸਾਹ ਲੈ ਸਕਣ |