ਝਬਾਲ, 25 ਮਈ (ਸਰਬਜੀਤ ਸਿੰਘ)-ਸੱਚਖੰਡ ਵਾਸੀ ਸੇਵਾ ਦੇ ਪੁੰਜ ਸੰਤ ਬਾਬਾ ਖੜਕ ਸਿੰਘ ਜੀ ਬੀੜ ਸਾਹਿਬ ਵਾਲਿਆਂ ਤੇ ਬਾਬਾ ਦਰਸ਼ਨ ਸਿੰਘ ਦੀ ਸਲਾਨਾ ਬਰਸੀ ਗੁਰਦੁਆਰਾ ਸੰਤ ਨਿਵਾਸ ਵਿਖੇ 31 ਮਈ ਨੂੰ ਬਾਬਾ ਬਾਬਾ ਸੰਤੋਖ ਸਿੰਘ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਇਹ ਜਾਣਕਾਰੀ ਗੁਰਦੁਆਰਾ ਸੰਤ ਨਿਵਾਸ ਦੇ ਸੇਵਾਦਾਰ ਬਾਬਾ ਭੋਲਾ ਸਿੰਘ ਨੇ ਦਿੰਦਿਆਂ ਦੱਸਿਆ ਕਿ 29 ਮਈ ਨੂੰ 21 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 30 ਮਈ ਦੀ ਸ਼ਾਮ ਨੂੰ ਰਾਤ 12 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਦੋਂਕਿ 31 ਮਈ ਨੂੰ 21 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਹਜੂਰੀ ਰਾਗੀ ਜਥੇ ਵਲੋਂ ਸ਼ਬਦ ਕੀਰਤਨ ਕੀਤਾ ਜਾਵੇਗਾ | ਉਪਰੰਤ ਦੀਵਾਨ ਹਾਲ ਵਿਚ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਵਿਚ ਪ੍ਰਸਿੱਧ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ | ਇਸ ਮੌਕੇ ਸੰਤ ਮਹਾਂਪੁਰਸ਼ ਅਤੇ ਹੋਰ ਧਾਰਮਿਕ ਅਤੇ ਰਾਜਸੀ ਆਗੂ ਪਹੁੰਚ ਕੇ ਹਾਜ਼ਰੀਆਂ ਭਰਨਗੇ ਅਤੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ | ਬਾਬਾ ਭੋਲਾ ਸਿੰਘ ਨੇ ਦੱਸਿਆ ਕਿ ਇਸ ਮੌਕੇ ਗੁਰੂ ਕੇ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੇ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ ਅਤੇ ਸੰਗਤਾਂ ਦੀ ਸਹੂਲਤ ਲਈ ਰਿਹਾਇਸ਼ ਪਾਰਕਿੰਗ ਆਦਿ ਲਈ ਪੂਰੇ ਪ੍ਰਬੰਧ ਕਰਕੇ ਸੇਵਾਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ, ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ | ਇਸ ਸਮੇਂ ਉਨ੍ਹਾਂ ਦੇ ਨਾਲ ਜੱਜ ਸਿੰਘ ਕਸੇਲ ਅਤੇ ਹੋਰ ਵੀ ਸੇਵਾਦਾਰ ਹਾਜ਼ਰ ਸਨ |