ਤਰਨ ਤਾਰਨ, 27 ਮਈ (ਹਰਿੰਦਰ ਸਿੰਘ)-ਪਾਵਰਕਾਮ ਦੇ ਤਕਨੀਕੀ ਕਰਮਚਾਰੀਆਂ ਨੂੰ ਐੱਮ. ਡੀ. ਐੱਮ. ਸਾਫਟਵੇਅਰ ਵਾਲੇ ਸਮਾਰਟ ਫ਼ੋਨ ਜਬਰਦਸਤੀ ਵੰਡਣ ਦੇ ਰੋਸ ਵਜੋਂ ਪਾਵਰਕਾਮ ਦੇ ਸਥਾਨਕ ਹਲਕੇ ਦੇ ਉਪ ਮੁੱਖ ਇੰਜੀਨੀਅਰ ਮੋਹਤਮ ਸਿੰਘ ਨੂੰ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੇ ਅਧਾਰਿਤ ਬਣੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਸਮੇਤ ਚਾਰ ਹੋਰ ਸਹਿਯੋਗੀ ਮੁਲਾਜ਼ਮ ਅਤੇ ਪੈਨਸ਼ਨਰਜ਼ ਜਥੇਬੰਦੀਆਂ ਦੇ ਵਫ਼ਦ ਨੇ ਰੋਸ ਵਜੋਂ ਮੰਗ ਪੱਤਰ ਪੇਸ਼ ਕਰਕੇੇ ਫੀਲਡ ਅਧਿਕਾਰੀਆਂ ਵਲੋਂ ਤਕਨੀਕੀ ਕਰਮਚਾਰੀਆਂ ਨੂੰ ਧੱਕੇਸ਼ਾਹੀ ਕਰਦਿਆਂ ਡਰਾਉਣ/ਧਮਕਾਉਣ ਦੀ ਨੀਤੀ ਤਹਿਤ ਪਾਵਰ ਮੈਨੇਜਮੇਂਟ ਦੇ ਇਸ਼ਾਰੇ 'ਤੇ ਵੱਖਰੀ ਕਿਸਮ ਦੇ ਸਮਾਰਟ ਫ਼ੋਨ ਵੰਡਣ ਦੀ ਜੋਰਦਾਰ ਨਿੰਦਾ ਕੀਤੀ | ਰੋਸ ਵਜੋਂ ਅਧਿਕਾਰੀ ਨਾਲ ਮੁਲਾਕਾਤ ਕਰਨ ਲਈ ਦਫਤਰ ਪਹੁੰਚੇ ਵੱਡੇ ਵਫਦ ਦੀ ਅਗਵਾਈ ਕਰਨ ਵਾਲੇ ਆਗੂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਆਗੂ ਹਰਭਿੰਦਰ ਸਿੰਘ ਚਾਹਲ ਤੋਂ ਇਲਾਵਾ ਸਰਕਲ ਆਗੂਆਂ ਮਨਜੀਤ ਸਿੰਘ ਬਾਹਮਣੀਵਾਲਾ, ਪੂਰਨ ਦਾਸ, ਮੰਗਲ ਸਿੰਘ ਨਾਗੋਕੇ, ਕਮਰਜੀਤ ਸਿੰਘ ਮੱਲਮੋਹਰੀ, ਕੁਲਵਿਦਰ ਸਿੰਘ ਬਾਗੜੀਆ ਆਦਿ ਨੇ ਸਾਂਝੇ ਤੌਰ 'ਤੇ ਗੱਲਬਾਤ ਦੌਰਾਨ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਲੋੜੀਂਦੇ ਸਾਜੋ- ਸਮਾਨ ਦੀ ਘਾਟ ਹੋਣ ਕਰਕੇ ਬਿਜਲੀ ਲਾਈਨਾਂ 'ਤੇ ਕੰਮ ਕਰਦੇ ਸਮੇਂ ਹਾਦਸਿਆਂ ਦੇ ਵਾਪਰਨ ਨਾਲ ਹਰੇਕ ਸਾਲ ਦਰਜਨਾਂ ਤਕਨੀਕੀ ਕਾਮੇ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਰਹੇ ਹਨ ਅਤੇ ਅਣਗਿਣਤ ਕਾਮੇ ਰੀੜ੍ਹ ਦੀਆਂ ਹੱਡੀਆਂ ਤੁੜਵਾ ਕੇ ਜੀਵਨ ਭਰ ਲਈ ਨਕਾਰੇਪਨ ਦੀ ਸੂਰਤ ਵਿਚ ਵੀਲਚੇਅਰਾਂ ਤੇ ਜੀਵਨ ਗੁਜਾਰਦਿਆਂ ਪਰਿਵਾਰਾਂ 'ਤੇ ਬੋਝ ਬਣ ਕੇ ਹੱਡੀਆਂ ਰਗੜ ਰਹੇੇ ਹਨ | ਪਰ ਬਹੁਤ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਵਰ ਮੈਨੇਜਮੈਂਟ ਨੇ ਹਾਦਸਿਆਂ ਨੂੰ ਘਟਾਉਣ ਲਈ ਕਦੇ ਵੀ ਸੰਜੀਦਗੀ ਨਹੀਂ ਵਿਖਾਈ ਅਤੇ ਨਾ ਹੀ ਲੋੜੀਂਦਾ ਸਾਜੋ- ਸਮਾਨ ਖਰੀਦਣ ਬਾਰੇ ਵਿਚਾਰ ਕੀਤਾ ਹੈ ਪਰ ਸਮਾਰਟ ਫ਼ੋਨਾਂ ਤੇ ਪਾਣੀ ਦੀ ਤਰ੍ਹਾਂ ਕਰੋੜਾਂ ਰੁਪਏ ਫੂਕ ਦਿੱਤੇ ਹਨ | ਆਗੂਆਂ ਕਿਹਾ ਕਿ ਅੱਤ ਦਰਜੇ ਦੀ ਗਰਮੀ ਦੇ ਮੌਸਮ ਵਿਚ 45 ਹਜ਼ਾਰ ਹਜ਼ਾਰ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਬਿਜਲੀ ਕਰਮਚਾਰੀ ਇਸ ਬੇਹੱਦ ਰਿਸਕ ਵਾਲੇ ਅਦਾਰੇ ਵਿਚ ਆਪਣੀਆਂ ਜਾਨਾਂ ਜੋਖਮ ਵਿਚ ਪਾ ਕੇ ਦਿਨ ਰਾਤ ਡਿਊਟੀਆਂ ਕਰਕੇ ਖਪਤਕਾਰਾਂ ਨੂੰ ਬਿਜਲੀ ਸਪਲਾਈ ਵੀ ਮੁਹੱਈਆ ਕਰਵਾ ਰਹੇ ਹਨ ਅਤੇ ਆਪਣੇ ਮਸਲਿਆਂ ਜਿਵੇਂ ਮਹਿੰਗਾਈ ਭੱਤਾ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੱਚੇ ਕਾਮੇ ਪੱਕੇ ਕਰਨ, ਨਵੀਂ ਰੈਗੂਲਰ ਭਰਤੀ ਰਾਹੀਂ ਖਾਲੀ ਅਸਾਮੀਆਂ ਭਰਨ, ਵਿਤਕਰੇ ਵਾਲੇ ਸਕੇਲ ਲਾਗੂ ਕਰਨ ਸਮੇਤ ਹੋਰ ਭਖਦੇ ਮੱੁਦਿਆਂ ਲਈ ਸਰਕਾਰ ਅਤੇ ਪਾਵਰ ਮੈਨੇਜਮੈਂਟ ਖਿਲਾਫ਼ ਸੰਘਰਸ਼ਾਂ ਦੇ ਰਾਹ ਚਲ ਕੇ ਲਗਾਤਾਰ ਜਦੋ ਜਹਿਦ ਵੀ ਕਰ ਰਹੇ ਹਨ | ਆਗੂਆਂ ਕਿਹਾ ਕਿ ਜੇਕਰ ਸਮਾਰਟ ਫੋਨ ਦੀ ਆੜ ਹੇਠ ਕਰਮਚਾਰੀਆਂ ਨੂੰ ਜਾਰੀ ਕੀਤੇ ਜਾ ਰਹੇ ਪੱਤਰ ਵਿਹਾਰ ਦੀ ਕਾਰਵਾਈ ਨੂੰ ਬੰਦ ਨਾ ਕੀਤਾ ਗਿਆ ਤਾਂ ਜੋਰਦਾਰ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ | ਵਫਦ ਵਿਚ ਸਿਮਰਨਜੀਤ ਸਿੰਘ. ਲਖਵਿੰਦਰ ਸਿੰਘ ਬਹਿਲਾ, ਗੁਰਪਿੰਦਰ ਸਿੰਘ ਰਿੰਕੂ ਆਦਿ ਵੀ ਮੌਜੂਦ ਸਨ |