ਪੱਟੀ, 27 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੁਲਿਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਕੋਟਬੁੱਢਾ ਦੀ ਦਾਣਾ ਮੰਡੀ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਜਾਣਕਾਰੀ ਦਿੰਦੇ ਪੁਲਿਸ ਚੌਕੀਂ ਸਭਰਾ ਦੇ ਇੰਚਾਰਜ ਏ. ਐੱਸ. ਆਈ ਗੁਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਪਿੰਡ ਡੂਮਨੀਵਾਲਾ ਤੋਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੇ ਉਹਨਾਂ ਨੂੰ ਸੂਚਿਤ ਕੀਤਾ ਕਿ ਕੋਟਬੁੱਢਾ ਦਾਣਾ ਮੰਡੀ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ | ਜਿਸ 'ਤੇ ਏ.ਐਸ.ਆਈ ਗੁਰਪਾਲ ਸਿੰਘ ਪੰਨੂ ਸਮੇਤ ਪੁਲਿਸ ਪਾਰਟੀ ਪਹੁੰਚੇ ਤਾਂ ਉਹਨਾਂ ਨੇੜੇ ਤੇੜੇ ਪੁਛਗਿੱਛ ਕੀਤੀ ਤਾਂ ਇਹ ਪਤਾ ਲੱਗਾ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ | ਦਿਮਾਗੀ ਤੌਰ ਤੇ ਬਿਮਾਰ ਇਹ ਵਿਅਕਤੀ ਚਾਰ ਪੰਜ ਦਿਨ ਤੋਂ ਪਿੰਡ ਕੋਟਬੁੱਢਾ ਦੇ ਨੇੜੇ ਘੁੰਮ ਰਿਹਾ ਸੀ ਤੇ ਅੱਜ ਅਚਾਨਕ ਇਸ ਵਿਅਕਤੀ ਦੀ ਮੌਤ ਗਈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਮੌਰਚਰੀ ਵਿਚ 72 ਘੰਟਿਆਂ ਲਈ ਸ਼ਨਾਖਤ ਲਈ ਰੱਖਿਆ ਗਿਆ ਹੈ ਤਾਂ ਜੋਂ ਮਿ੍ਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਪਤਾ ਲੱਗ ਸਕੇ | ਇਸ ਵਿਅਕਤੀ ਬਾਰੇ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਹੈ ਤਾਂ ਪੁਲਿਸ ਥਾਣਾ ਸਦਰ ਪੱਟੀ ਜਾਂ ਪੁਲਿਸ ਚੌਂਕੀ ਸਭਰਾ ਵਿਖੇ ਸੰਪਰਕ ਕਰ ਸਕਦਾ ਹੈ |