ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਹਨੀਂ ਦਿਨੀਂ ਆਸਟ੍ਰੇਲੀਆ ਵਿਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ | ਸੰਗਤਾਂ ਦੇ ਸੱਦੇ 'ਤੇ ਅੱਜ ਬਾਬਾ ਜੀ ਮੈਲਬੌਰਨ ਵਿਚ ਗੁਰਦੁਆਰਾ ਈਸ਼ਰ ਦਰਬਾਰ ਨਾਨਕਸਰ ਠਾਠ ਲਿਨਬਰੁਕ ਵਿਖੇ ਪਹੁੰਚੇ, ਜਿੱਥੇ ਸੰਤ ਬਾਬਾ ਸੁੱਖਾ ਸਿੰਘ ਦਾ ਸੰਗਤ ਵਲੋਂ ਨਿੱਘਾ ਸਵਾਗਤ ਕੀਤਾ | ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਨਾਮ ਸਿਮਰਨ ਉਪਰੰਤ ਸੰਤ ਬਾਬਾ ਸੁੱਖਾ ਸਿੰਘ ਨੇ ਕੀਰਤਨ ਕੀਤਾ | ਪੰਜਾਬ ਦੇ ਹੜ੍ਹਾਂ ਦੌਰਾਨ ਨਿਭਾਈਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਇਸ ਮੌਕੇ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਯੂਥ ਕਲੱਬ ਵਿਕਟੋਰੀਆ ਵਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਤੇ ਪ੍ਰਬੰਧਕਾਂ ਵਲੋਂ ਬੋਲਦਿਆਂ ਆਖਿਆ ਗਿਆ ਕਿ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਅਤੇ ਉਨਾਂ ਨਾਲ ਆਈ ਹੋਈ ਸੰਗਤ ਦਾ ਧੰਨਵਾਦ ਕਰਦੇ ਹਾਂ | ਜਿਨ੍ਹਾਂ ਨੇ ਸਾਡੀ ਬੇਨਤੀ ਮੰਨਦੇ ਹੋਏ ਆਪਣੇ ਕੀਮਤੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਇੱਥੇ ਹਾਜ਼ਰੀ ਭਰੀ | ਬਾਬਾ ਜੀ ਨੇ ਮਾਨਵਤਾ ਲਈ ਜੋ ਪਰਉਪਕਾਰ ਕੀਤੇ ਹਨ, ਅਸੀਂ ਅਲਪ ਬੁੱਧੀ ਵਾਲੇ ਉਨ੍ਹਾਂ ਪਰਉਪਕਾਰਾਂ ਬਾਰੇ ਵਿਸਥਾਰ ਨਾਲ ਨਹੀਂ ਦੱਸ ਸਕਦੇ | ਇੰਨਾ ਕੁ ਕਹਿ ਸਕਦੇ ਹਾਂ ਕਿ ਬਾਬਾ ਜੀ ਨੇ ਹੜ੍ਹਾਂ ਵੇਲੇ ਪਾਣੀ ਵਿਚ ਡੁੱਬਦੀ ਲੋਕਾਈ ਦੀ ਬਾਂਹ ਫੜੀ | ਪਾਣੀ ਵਿਚ ਰੁੜ ਚੁੱਕੇ ਪਰਿਵਾਰਾਂ ਦੇ ਮੁੜ ਵਸੇਬੇ ਕਰਾਏ | ਬਰਬਾਦ ਹੋ ਚੁੱਕੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਕੀਤਾ | ਵਾਤਾਵਰਨ ਸੰਭਾਲ ਲਈ ਕੁਦਰਤੀ ਹਰਿਆਵਲ ਵਿੱਚ ਵਾਧਾ ਕਰਨ ਹਿੱਤ ਹਰ ਸਾਲ ਲੱਖਾਂ ਪੌਦੇ ਲਗਾਏ | ਆਪ ਜੀ ਦੇ ਪਰਉਪਕਾਰਾਂ ਦੀ ਸੂਚੀ ਬਹੁਤ ਲੰਬੀ ਹੈ | ਅਸੀਂ ਆਪ ਜੀ ਦੀ ਪਰਉਪਕਾਰੀ ਸ਼ਖਸੀਅਤ ਨੂੰ ਸਨਮਾਨ ਵਜੋਂ ਇਕ ਯਾਦਗਾਰੀ ਚਿੰਨ ਭੇਂਟ ਕਰ ਰਹੇ ਹਾਂ | ਇਸ ਮੌਕੇ ਸੰਗਤ ਵਿਚ ਸੰਤ ਬਾਬਾ ਅਮਰ ਸਿੰਘ ਜੀ ਬੜੂੰਦੀ ਵਾਲਿਆਂ ਵਲੋਂ ਜਥੇਦਾਰ ਬਾਬਾ ਲੱਖਾ ਸਿੰਘ, ਕਥਾ ਵਾਚਕ ਗਿਆਨੀ ਅੰਮਿ੍ਤਪਾਲ ਸਿੰਘ ਭਕਨਾ, ਹਰਪ੍ਰੀਤ ਸਿੰਘ ਬਾਠ ਮਨਿਹਾਲਾ, ਮਨਜਿੰਦਰ ਸਿੰਘ ਢਿੱਲੋਂ, ਸੁਖਮਨਪ੍ਰੀਤ ਸਿੰਘ ਧਾਲੀਵਾਲ, ਗੁਰਸੇਵਕ ਸਿੰਘ ਜਵੰਦਾ, ਹਰਪ੍ਰੀਤ ਸਿੰਘ ਜੱਗੀ ਸੰਧੂ, ਹਰਮਨਪ੍ਰੀਤ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ ਨੂਰਪੁਰ, ਖੁਸ਼ਪਾਲ ਸਿੰਘ ਚੀਮਾ, ਮਨਜੋਧ ਸਿੰਘ, ਜੋਬਨਪ੍ਰੀਤ ਸਿੰਘ, ਜਥੇਦਾਰ ਹਰਮਨਦੀਪ ਸਿੰਘ ਮੀਆਂਵਿੰਡ ਤੇ ਹੋਰ ਹਾਜ਼ਰ ਸਨ |