ਪੱਟੀ, 1 ਜੂਨ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਬੱਸ ਸਟੈਂਡ ਪੱਟੀ ਦੇ ਨਜ਼ਦੀਕ ਦੀ ਫੈਮਿਲੀ ਰੈਸਟੋਰੈਂਟ ਵਿਖੇ ਪੁਲਿਸ ਪ੍ਰਸ਼ਾਸਨ ਨਾਲ ਪੰਜਾਬ ਸਰਕਾਰ ਵਲੋਂ ਗਠਿਤ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਹਲਕਾ ਪੱਟੀ ਦੀ ਮੀਟਿੰਗ ਹੋਈ | ਪੱਟੀ ਹਲਕੇ ਦੀ ਇਕਾਈ ਦੇ ਚੇਅਰਮੈਨ ਰਮਨ ਸਹਿਗਲ, ਅਤੇ ਸਾਬਕਾ ਮੰਤਰੀ ਤੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਦੇ ਵਾਈਸ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਨੇ ਡੀ.ਐੱਸ.ਪੀ. ਪੱਟੀ ਰਵੀਸ਼ੇਰ ਸਿੰਘ ਨੂੰ ਪੱਟੀ ਸ਼ਹਿਰ ਦੀਆਂ ਕਾਨੂੰਨੀ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਮੀਟਿੰਗ ਵਿਚ ਪੱਟੀ ਸ਼ਹਿਰ ਦੇ ਦੁਕਾਨਦਾਰਾਂ ਨੇ ਆਪੋ-ਆਪਣੀਆਂ ਤਕਲੀਫਾਂ ਤੋਂ ਪੁਲਿਸ ਪ੍ਰਸਾਸ਼ਨ ਨੂੰ ਜਾਣਕਾਰੀ ਦਿੱਤੀ, ਜਿਸ ਦਾ ਡੀ.ਐਸ.ਪੀ. ਪੱਟੀ ਰਵੀਸ਼ੇਰ ਸਿੰਘ ਨੇ ਹੱਲ ਕਰਵਾਉਣ ਦਾ ਭਰੋਸਾ ਦਵਾਇਆ | ਇਸ ਮੌਕੇ ਡੀ.ਐਸ.ਪੀ. ਪੱਟੀ ਰਵੀਸ਼ੇਰ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਵਪਾਰੀਆਂ ਨੂੰ ਰੁਟੀਨ ਦੀਆਂ ਪ੍ਰਵਾਨਗੀਆਂ, ਕਾਨੂੰਨੀ ਵਿਵਸਥਾ ਦਰੁਸਤ ਅਤੇ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ | ਉਨ੍ਹਾਂ ਕਿਹਾ ਕਿ ਸਾਲਾਂ ਤੋਂ ਛੋਟੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਮਾਮੂਲੀ ਮੁੱਦਿਆਂ ਲਈ ਵੀ ਕਈ ਦਫ਼ਤਰਾਂ ਵਿਚਾਲੇ ਭੱਜ-ਦੌੜ ਕਰਕੇ ਆਪਣਾ ਕੀਮਤੀ ਸਮਾਂ ਬਰਬਾਦ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ ਪਰ ਪੰਜਾਬ ਸਰਕਾਰ ਇਸ ਨੂੰ ਬਦਲਣ ਲਈ ਦਿ੍ੜ੍ਹ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਦੁਕਾਨਦਾਰਾਂ ਦੇ ਪੁਲਸ ਮਹਿਕਮੇ ਨਾਲ ਸੰਬੰਧਿਤ ਜਿੰਨੇ ਵੀ ਮਸਲੇ ਹਨ, ਉਹ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ | ਇਸ ਮੌਕੇ ਮੀਡੀਆ ਇੰਚਾਰਜ ਮੋਹਿਤ ਅਰੋੜਾ ਪੱਟੀ ਅਤੇ ਪੱਟੀ ਹਲਕੇ ਦੀ ਇਕਾਈ ਦੇ ਚੇਅਰਮੈਨ ਰਮਨ ਸਹਿਗਲ ਨੇ ਕਿਹਾ ਕਿ ਵਪਾਰੀ ਵਰਗ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਮਾਨ ਸਰਕਾਰ ਵਪਾਰੀ ਵਰਗ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਟ੍ਰੇਡ ਕਮਿਸ਼ਨ ਲੋਕ ਸੇਵਾ, ਪਾਰਦਰਸ਼ਤਾ ਅਤੇ ਕਾਰੋਬਾਰ ਕਰਨ ਦੀ ਸੌਖ ਦੀ ਭਾਵਨਾ ਨਾਲ ਬਣਾਇਆ ਗਿਆ ਹੈ | ਇਕੋ ਪਲੇਟਫਾਰਮ ਦੇ ਹੇਠਾਂ ਵਪਾਰੀਆਂ ਨੂੰ ਸਹਾਇਤਾ, ਮਾਰਗਦਰਸ਼ਨ ਅਤੇ ਤੁਰੰਤ ਹੱਲ ਮਿਲਣਗੇ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਸ਼ਾਸਨ ਉਨ੍ਹਾਂ ਦੇ ਵਿਰੁੱਧ ਨਹੀਂ, ਬਲਕਿ ਉਨ੍ਹਾਂ ਦੇ ਹਿੱਤ ਵਿੱਚ ਕੰਮ ਕਰੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰੀ ਵਰਗ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਉਹਨਾਂ ਕਿਹਾ ਕਿ ਵਪਾਰੀਆਂ ਨੂੰ ਹੁਣ ਆਪਣੀ ਮੁਸ਼ਕਿਲਾਂ ਦੇ ਹੱਲ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ | ਇਸ ਮੌਕੇ ਪ੍ਰੈੱਸ ਕਲੱਬ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਕਾਲੇਕੇ, ਜਸਪਾਲ ਸਿੰਘ ਰੀਡਰ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ, ਲਵਪ੍ਰੀਤ ਸਿੰਘ ਪ੍ਰਧਾਨ ਯੂਥ, ਰੋਹਿਤ ਸਹਿਗਲ, ਬਲਜੀਤ ਸਿੰਘ, ਅਨੂਪ ਜੈਨ, ਡਾਕਟਰ ਗਗਨ ਸ਼ਰਮਾ, ਸੁਖਜਿੰਦਰ ਸਿੰਘ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ਼, ਗੁਰਪ੍ਰੀਤ ਛੀਨਾ, ਗੁਰਸਿਮਰਨ ਸਿੰਘ ਵਿਕੀ ਛੀਨਾ, ਗੁਰਇਕਬਾਲ ਸਿੰਘ, ਸੁਰਿੰਦਰ ਸਿੰਘ ਜੱਜ ਤੇ ਸੁਰਜੀਤ ਛੀਨਾ ਆਦਿ ਹਾਜ਼ਰ ਸਨ |