ਤਰਨ ਤਾਰਨ, 5 ਜੂਨ (ਇਕਬਾਲ ਸਿੰਘ ਸੋਢੀ)-ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਇਕਾਈ ਤਰਨ ਤਾਰਨ ਦੀ ਮਹੀਨਾਵਾਰ ਹੰਗਾਮੀ ਮੀਟਿੰਗ ਕੱਲ੍ਹ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਾਹਮਣੇ ਪਿੱਦੀ ਕਚਿਹਰੀਆਂ ਢਾਬੇ 'ਤੇ ਹੋਵੇਗੀ | ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪ੍ਰੈਸ ਸਕੱਤਰ ਸੁਰਿੰਦਰ ਸਿੰਘ ਸੰਗਤਪੁਰਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਉਸਮਾਂ ਨੌਸ਼ਹਿਰਾਂ ਪੰਨੂਆਂ, ਗੁਰਮੱੁਖ ਸਿੰਘ ਕਾਜੀਕੋਟ ਬਲਾਕ ਪ੍ਰਧਾਨ ਤਰਨਤਾਰਨ, ਮੰਗਲ ਸਿੰਘ ਕੈਰੋਵਾਲ ਜ਼ਿਲ੍ਹਾ ਮੀਤ ਪ੍ਰਧਾਨ ਤੇ ਸਟੇਟ ਕਮੇਟੀ ਮੈਂਬਰ ਗੁਰਵੇਲ ਸਿੰਘ ਪੱਧਰੀ ਨੇ ਦੱਸਿਆ ਕਿ ਦਿਵਿਆਂਗ ਵਰਗ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੇ ਹੱਲ ਲਈ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਜ਼ਿਲ੍ਹਾ ਪੱਧਰੀ ਹੰਗਾਮੀ ਮੀਟਿੰਗ ਐਤਵਾਰ ਨੂੰ ਕੀਤੀ ਜਾ ਰਹੀ ਹੈ, ਜਿਸ ਵਿਚ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਆਗੂਆਂ ਨੇ ਦੱਸਿਆ ਕਿ ਕੱਲ੍ਹ ਦੀ ਮੀਟਿੰਗ ਵਿਚ ਕੁੱਝ ਦਿਵਿਆਂਗ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਪਛਾਣ ਪੱਤਰ ਦਿੱਤੇ ਜਾਣਗੇ ਤੇ ਗਰੀਬ ਦਿਵਿਆਂਗ ਜੋ ਕਿ 75 ਫੀਸਦੀ ਤੋਂ ਜਿਆਦਾ ਅੰਗਹੀਣ ਹੈ ਜਿਸਦਾ ਘਰਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲ ਰਿਹਾ ਹੈ, ਉਨ੍ਹਾਂ ਦੀ ਪਛਾਣ ਕਰਕੇ ਲਿਸਟਾਂ ਤਿਆਰ ਕੀਤੀਆਂ ਜਾਣਗੀਆਂ | ਜ਼ਿਲ੍ਹਾ ਪੱਧਰੀ ਲਿਸਟਾਂ ਬਣਾਉਣ ਤੋਂ ਬਾਅਦ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਯੋਧਾ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਵੀ ਪੈਨਸ਼ਨ ਦੇਣ ਲਈ ਉੱਘੇ ਸਮਾਜਸੇਵੀ ਡਾ. ਐੱਸ.ਪੀ ਸਿੰਘ ਉਬਰਾਏ ਨੂੰ ਅਪੀਲ ਕੀਤੀ ਜਾਵੇਗੀ, ਜਿਸ ਵਿਚ ਬਹੁਤ ਹੀ ਲੋੜਵੰਦ ਵਿਧਵਾਵਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ |