ਤਰਨ ਤਾਰਨ, 5 ਜੂਨ (ਇਕਬਾਲ ਸਿੰਘ ਸੋਢੀ)-ਪੈਨਸ਼ਨਰਜ ਐਂਡ ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਫ਼ਤਿਹ ਚੱਕ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿਚ ਪੱਟੀ, ਖਡੂਰ ਸਾਹਿਬ, ਭਿੱਖੀਵਿੰਡ ਅਤੇ ਤਰਨ ਤਾਰਨ ਤਹਿਸੀਲ ਦੇ ਪੈਨਸ਼ਨਰਜ਼ ਨੇ ਉਤਸ਼ਾਹ ਨਾਲ ਭਾਗ ਲਿਆ | ਜਨਰਲ ਸਕੱਤਰ ਸਵਰਨ ਸਿੰਘ ਗੋਇੰਦਵਾਲ ਸਿੰਘ ਨੇ ਮੀਟਿੰਗ ਦੀ ਕਾਰਵਾਈ ਆਰੰਭ ਕਰਦਿਆਂ ਆਏ ਪੈਨਸ਼ਨਰਾਂ ਨੂੰ ਜੀ ਆਇਆਂ ਆਖਿਆ ਅਤੇ ਮੀਟਿੰਗ ਦਾ ਏਜੰਡਾ ਦੱਸਿਆ | ਸਭ ਤੋਂ ਪਹਿਲਾਂ ਸੇਵਾ ਮੁਕਤ ਹੋਣ ਉਪਰੰਤ ਸਵਰਗਵਾਸ ਹੋਏ ਪੈਨਸ਼ਨਰ ਸਾਥੀ ਮਨਜੀਤ ਸਿੰਘ ਸਭਰਾ, ਰਜਿੰਦਰ ਸਿੰਘ, ਗੁਰਦਿਆਲ ਸਿੰਘ ਅਤੇ ਕਸ਼ਮੀਰ ਸਿੰਘ ਦਾਸੂਵਾਲ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜ਼ਲੀ ਦਿੱਤੀ ਗਈ | ਪ੍ਰਧਾਨ ਅਜੀਤ ਸਿੰਘ ਫ਼ਤਿਹ ਚੱਕ, ਸੀਨੀਅਰ ਮੀਤ ਪ੍ਰਧਾਨ ਸ਼ਮੀਰ ਸਿੰਘ ਲਾਲਪੁਰ ਅਤੇ ਤਹਿਸੀਲ ਪ੍ਰਧਾਨ ਜੋਧਬੀਰ ਸ਼ਰਮਾ ਅਤੇ ਧਰਮ ਸਿੰਘ ਨੇ ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿਚ ਦੱਸਿਆ ਕਿ ਹਾਈਕੋਰਟ ਵਲੋਂ ਮੁਲਾਜ਼ਮਾਂ, ਪੈਨਸ਼ਨਰਾਂ ਨੂੰ ਪੈਂਡਿੰਗ ਮਹਿੰਗਾਈ ਭੱਤਾ ਜਲਦ ਦੇਣ ਹਿੱਤ ਕੀਤੀ ਕਾਰਵਾਈ ਦੀ ਭਰਪੂਰ ਸ਼ਲਾਘਾ ਅਤੇ ਆਪਣੀ ਐਸੋਸੀਏਸ਼ਨ ਵਲੋਂ ਹਾਰਦਿਕ ਧੰਨਵਾਦ ਕਰਦਿਆਂ ਆਖਿਆ ਕਿ ਹਾਈਕੋਰਟ ਵਿਚ ਪਹਿਲੀ ਵਾਰ ਦੇਖਿਆ ਕਿ ਕੋਈ ਜੱਜ ਮੁਲਾਜ਼ਮਾਂ ਦੇ ਵਕੀਲ ਵਾਂਗ ਦਲੀਲਾਂ ਦੇ ਕੇ ਸਰਕਾਰ ਨੂੰ ਸਚਾਈ ਸਮਝਾ ਰਿਹਾ ਹੈ, ਪਰ ਪੰਜਾਬ ਸਰਕਾਰ ਫਿਰ ਵੀ ਹੋਰ ਹੋਰ ਸਮਾਂ ਲੈਣ ਲਈ ਬੇਲੋੜੇ ਤਰਕ ਦੇ ਰਹੀ ਹੈ | ਸਰਕਾਰ ਵਲੋਂ ਹਾਇਰ ਕੀਤੇ ਮਸ਼ਹੂਰ ਤੇ ਸੀਨੀਅਰ ਵਕੀਲ ਡੀ.ਐੱਸ. ਪਟਵਾਲੀਆ ਵਾਰ-ਵਾਰ ਗੱਲ ਨੂੰ ਘੁੰਮਾ ਫਿਰਾ ਕੇ ਸਟੇਅ ਦੀ ਮੰਗ ਕਰ ਰਹੇ ਸਨ, ਪਰ ਜੱਜ ਨੇ ਉਨ੍ਹਾਂ ਦੀ ਗੱਲ ਨੰੂ ਆਪਣੀਆਂ ਬੇਹਤਰ ਦਲੀਲਾਂ ਨਾਲ ਕੱਟ ਕੇ ਸਪੱਸ਼ਟ ਤੌਰ 'ਤੇ ਹੋਰ ਲੰਮਾ ਸਮਾਂ ਅਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਪੈਨਸ਼ਨਰ ਆਗੂਆਂ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਆਖਿਆ ਕਿ ਜੇਕਰ ਸਰਕਾਰ ਫਿਰ ਵੀ ਆਨਾਕਾਨੀ ਕਰਦੀ ਹੈ ਤਾਂ ਮੁਲਾਜ਼ਮਾਂ ਅਤੇ ਮੁਲਾਜ਼ਮ ਜਥੇਬੰਦੀਆਂ ਨੂੰ ਸੰਘਰਸ਼ ਦਾ ਇਕ ਕਾਨੂੰਨੀ ਅਧਾਰ ਵੀ ਮਿਲੇਗਾ | ਇਸ ਮੌਕੇ ਸਰਪ੍ਰਸਤ ਸੁਰਜੀਤ ਸਿੰਘ ਅਤੇ ਰਸ਼ਪਾਲ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਸਰਲੀ, ਜਨਰਲ ਸਕੱਤਰ ਵਿਜੇ ਕੁਮਾਰ ਵਿਨਾਇਕ, ਖਜ਼ਾਨਚੀ ਕੁਲਦੀਪ ਸਿੰਘ ਅਤੇ ਕੁਲਵੰਤ ਸਿੰਘ, ਵਧੀਕ ਪ੍ਰੈੱਸ ਸਕੱਤਰ ਹਰਸੁਖਦੇਵ ਸਿੰਘ, ਤਹਿਸੀਲ ਪ੍ਰਧਾਨ ਸੁਰਿੰਦਰ ਸਿੰਘ ਤਰਨ ਤਾਰਨ, ਅਰਜਨ ਸਿੰਘ, ਸਰਵਣ ਸਿੰਘ ਰਸੂਲਪੁਰ ਆਦਿ ਨੇ ਪੰਜਾਬ ਸਰਕਾਰ ਦੀ ਟਾਲਮਟੋਲ ਅਤੇ ਟਾਈਮ ਪਾਸ ਕਰਨ ਵਾਲੀ ਲੋਕ ਵਿਰੋਧੀ ਨੀਤੀ ਦੀ ਤਿੱਖੀ ਅਲੋਚਨਾ ਕੀਤੀ ਅਤੇ ਬਣਦਾ ਬਕਾਇਆ ਅਤੇ ਪੈਂਡਿੰਗ ਮਹਿੰਗਾਈ ਭੱਤਾ ਜਲਦ ਦੇਣ ਦੀ ਪੁਰਜ਼ੋਰ ਮੰਗ ਕੀਤੀ | ਇਸ ਮੀਟਿੰਗ ਵਿਚ ਸ਼ਾਮਿਲ ਪੈਨਸ਼ਨਰ ਆਗੂਆਂ ਵਿਚ ਹੋਰਨਾ ਤੋਂ ਇਲਾਵਾ ਰਕੇਸ਼ ਕੁਮਾਰ ਸ਼ਰਮਾ, ਸੁਭਾਸ਼ ਚੰਦਰ ਸ਼ਰਮਾ, ਵਿਜੇ ਕੁਮਾਰ ਸ਼ਰਮਾ, ਚਰਨਜੀਤ ਸਿੰਘ, ਗੁਰਮੁੱਖ ਸਿੰਘ, ਲਾਲ ਸਿੰਘ, ਹਰਦੀਪ ਸਿੰਘ, ਗੁਰਚਰਨ ਸਿੰਘ, ਭਜਨ ਸਿੰਘ, ਬਲਰਾਮ ਕੁਮਾਰ, ਹਰਭਜਨ ਸਿੰਘ, ਮੰਗਤ ਰਾਮ, ਪ੍ਰੇਮ ਪ੍ਰਕਾਸ਼, ਦਲੀਪ ਕੁਮਾਰ, ਪ੍ਰਤਾਪ ਸਿੰਘ, ਮਿਲਖਾ ਸਿੰਘ, ਪਰਮਜੀਤ ਸਿੰਘ, ਤਰਸੇਮ ਸਿੰਘ, ਸੁਖਚੈਨ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ ਭੁੱਲਰ, ਸਰੂਪ ਸਿੰਘ, ਬਲਬੀਰ ਸਿੰਘ, ਦਵਿੰਦਰ ਸਿੰਘ, ਹਰਦੀਪ ਕੌਰ ਅਤੇ ਬੇਅੰਤ ਕੌਰ ਆਦਿ ਹਾਜ਼ਰ ਸਨ |