ਖਡੂਰ ਸਾਹਿਬ, 6 ਜੂਨ (ਰਸ਼ਪਾਲ ਸਿੰਘ ਕੁਲਾਰ)- ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਨੌਕਰੀ ਦੀ ਮੰਗ ਨੂੰ ਲੈ ਕਿ 2600 ਲਾਈਨਮੈਨ ਅਪ੍ਰੈਂਟਸ਼ਸ਼ਿਪ ਯੂਨੀਅਨ ਵੱਲੋਂ ਕੀਤੇ ਜਾ ਰਹੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੰਜਾਬ ਪੁਲਿਸ ਵੱਲੋਂ ਜਿਸ ਤਰ੍ਹਾਂ ਨੌਜਵਾਨਾਂ 'ਤੇ ਅੰਨ੍ਹਾ ਤਸ਼ੱਦਦ ਢਾਹਿਆ ਗਿਆ ਹੈ, ਸ਼ਾਇਦ ਇਸ ਤੋਂ ਜਾਲਮਪੁਣੇ ਦੀ ਕੋਈ ਵੱਡੀ ਹੱਦ ਨਹੀਂ ਹੋ ਸਕਦੀ ਜੋ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ਚਿਹਰੇ 'ਤੇ ਚੜੇ ਦੋਹਰੇ ਨਿਕਾਬ ਨੂੰ ਨੰਗਾ ਕਰ ਰਹੀ ਹੈ | ਇਹ ਅੰਨੇ ਤਸ਼ੱਦਦ ਦੀ ਘੋਰ ਨਿੰਦਾ ਕਰਦਿਆਂ ਜਥੇ. ਹਰਦੇਵ ਸਿੰਘ ਨਾਗੋਕੇ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਜਥੇ. ਨੌਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ ਨੇ ਕਿਹਾ ਕਿ ਜਦੋਂ ਸਾਡੇ ਦੇਸ਼ ਦੇ ਸੰਵਿਧਾਨ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਕਾਨੂੰਨ ਬਣਾਇਆ ਗਿਆ ਹੈ ਤਾਂ ਫਿਰ ਕਿਉਂ ਭਗਵੰਤ ਮਾਨ ਸਰਕਾਰ ਹਿਟਲਰ ਦੇ ਪੈੜਾਂ ਉਪਰ ਚਲ ਰਹੀ ਹੈ | ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨੌਜਵਾਨਾਂ ਦੇ ਸੰਘਰਸ਼ ਕੁਚਲੇ ਨਹੀਂ ਜਾ ਸਕਦੇ ਸਗੋਂ ਹੋਰ ਤਿੱਖੇ ਹੁੰਦੇ ਹਨ |