ਤਰਨ ਤਾਰਨ, 6 ਜੂਨ (ਇਕਬਾਲ ਸਿੰਘ ਸੋਢੀ)- ਕੁੱਲ ਹਿੰਦ ਕਿਸਾਨ ਸਭਾ ਤਰਨ ਤਾਰਨ ਦੇ ਆਗੂਆਂ ਮਹਾਂਬੀਰ ਸਿੰਘ ਗਿੱਲ, ਪੂਰਨ ਸਿੰਘ ਮਾੜੀਮੇਘਾ, ਬਲਕਾਰ ਸਿੰਘ ਵਲਟੋਹਾ, ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਗੱਲਬਾਤ ਕਰਦਿਆਂ ਪਟਿਆਲਾ ਪੁਲਿਸ ਵੱਲੋਂ ਬੇਰੁਜ਼ਗਾਰ ਅਪਰੈਂਟਸ਼ਿਪ ਲਾਈਨਮੈਨਾਂ 'ਤੇ ਭਿਆਨਕ ਤਸ਼ੱਦਦ ਕਰਨ ਦੀ ਜ਼ੋਰਦਾਰ ਨਿੰਦਾ ਕਰਦਿਆਂ ਸਰਕਾਰ ਨੂੰ ਕਿਹਾ ਹੈ ਕਿ ਉਹ ਕੰਮ ਮੰਗਦੇ ਪਵਿੱਤਰ ਹੱਥਾਂ ਨੂੰ ਲਾਠੀਆਂ ਨਾਲ ਨਾ ਨਿਵਾਜੇ ਸਗੋਂ ਨੌਜਵਾਨਾਂ ਨੂੰ ਕੰਮ ਦੇਵੇ ਤਾਂ ਕਿ ਉਹ ਰਾਜ ਤੇ ਦੇਸ਼ ਦੀ ਸੇਵਾ ਵਿਚ ਆਪਣਾ ਯੋਗਦਾਨ ਪਾ ਸਕੇ | ਉਨ੍ਹਾਂ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਪੁਲਿਸ ਦੇ ਇਕ ਜ਼ਿੰਮੇਵਾਰ ਅਹੁਦੇ 'ਤੇ ਡੀ.ਐੱਸ.ਪੀ. ਦੇ ਰੈਂਕ ਵਾਲਾ ਅਫ਼ਸਰ ਖ਼ੁਦ ਡਾਂਗ ਫੜ ਕੇ ਬੇਰੁਜ਼ਗਾਰ ਐਪਰਿੰਟਸਸ਼ਿਪ ਲਾਈਨਮੈਨਾਂ 'ਤੇ ਤਸ਼ੱਦਦ ਕਰਨ ਲਈ ਸਭ ਤੋਂ ਅੱਗੇ ਸੀ ਤੇ ਆਪਣੀ ਬੇਰਹਿਮ ਕਰਤੂਤ ਕਾਰਨ ਉਸ ਨੇ ਅੰਨ੍ਹੇਵਾਹ ਇਹਨਾਂ ਨੌਜਵਾਨਾਂ ਨੂੰ ਕੁੱਟਿਆ ਤੇ ਨਾਲ ਆਪਣੀ ਪੁਲਿਸ ਟੀਮ ਨੂੰ ਵੀ ਇਹ ਕੰਮ ਕਰਨ ਲਈ ਮਜਬੂਰ ਕੀਤਾ | ਉਨ੍ਹਾਂ ਕਿਹਾ ਸਰਕਾਰ ਜਵਾਬ ਦੇਵੇ ਕਿ ਇਸ ਡੀ.ਐੱਸ.ਪੀ. ਨੂੰ ਅਜਿਹਾ ਜ਼ੁਲਮ ਕਰਨ ਲਈ ਕਿਸ ਮੈਜਿਸਟਰੇਟ ਨੇ ਹੁਕਮ ਦਿੱਤੇ ਸਨ ਅਤੇ ਇਨ੍ਹਾਂ ਬੇਰੁਜ਼ਗਾਰਾਂ ਨੂੰ ਧਰਨੇ ਤੋਂ ਉਠਾਉਣ ਲਈ ਤਸ਼ੱਦਦ ਕਰਨ ਲਈ ਕਿਹੜਾ ਲਿਖਤੀ ਪੱਤਰ ਜਾਰੀ ਹੋਇਆ ਸੀ | ਅਗਰ ਇਹ ਨਹੀਂ ਹੋਇਆ ਤਾਂ ਇਸ ਪੁਲਿਸ ਅਫ਼ਸਰ ਅਤੇ ਜ਼ੁਲਮ ਕਰਨ ਵਾਲੇ ਹੋਰ ਪੁਲਿਸ ਵਾਲਿਆਂ ਨੂੰ ਤੁਰੰਤ ਬਰਖ਼ਾਸਤ ਕਰ ਕੇ ਇਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ | ਇਸ ਮੌਕੇ ਅਵਤਾਰ ਸਿੰਘ ਪਲਾਸੌਰ, ਦਰਸ਼ਨ ਸਿੰਘ ਬਿਹਾਰੀਪੁਰ, ਕੁਲਬੀਰ ਸਿੰਘ ਕਸੇਲ, ਮੋਤਾ ਸਿੰਘ ਸੋਹਲ, ਰਣਜੀਤ ਸਿੰਘ ਬਹਾਦਰ ਨਗਰ, ਗੁਰਦਿਆਲ ਸਿੰਘ ਵਰਨਾਲਾ ਸਮੇਤ ਹੋਰ ਆਗੂ ਵੀ ਹਾਜ਼ਰ ਸਨ |