ਭਿੱਖੀਵਿੰਡ, 6 ਜੂਨ (ਬੌਬੀ)-ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਇਕ ਉਪਰ ਕਿਰਪਾਨ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਹੇਠ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਭਿੱਖੀਵਿੰਡ ਵਿਖੇ ਲਵਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕੋਟਲੀ ਸੁਰਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ 18 ਮਈ ਨੂੰ ਮੈਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕੋਟਲੀ ਸੁਰਸਿੰਘ ਵਾਪਸ ਆ ਰਿਹਾ ਸੀ ਤਾਂ ਉਸ ਸਮੇਂ ਸੜਕ 'ਤੇ ਮੇਰੇ ਪਿੰਡ ਦਾ ਗੁਰਮੁੱਖ ਸਿੰਘ ਆਪਣੇ ਹੱਥ ਵਿਚ ਕਿਰਪਾਨ ਫੜ ਕੇ ਖੜਾ ਸੀ, ਜਿਸ ਨੇ ਆਪਣੀ ਦਸਤੀ ਕਿਰਪਾਨ ਦਾ ਵਾਰ ਮੇਰੇ 'ਤੇ ਕਰ ਦਿੱਤਾ ਜੋ ਮੇਰੇ ਸਿਰ ਵਿਚ ਲੱਗਾ | ਮੈਂ ਆਪਣੇ ਮੋਟਰਸਾਈਕਲ ਛੱਡ ਕੇ ਪਿੱਛੇ ਨੂੰ ਭੱਜ ਗਿਆ ਤਾਂ ਗੁਰਮੁੱਖ ਸਿੰਘ ਵੀ ਆਪਣੀ ਕਿਰਪਾਨ ਲੈ ਕੇ ਮੇਰੇ ਪਿੱਛੇ ਭੱਜ ਪਿਆ ਜਿਸ ਨੇ ਮੇਰੇ ਭੱਜਦੇ ਹੋਏ ਦੇ ਲੱਕ ਵਿਚ ਕਿਰਪਾਨ ਦਾ ਵਾਰ ਕੀਤਾ ਜਿਸ ਨਾਲ ਮੈਂ ਜ਼ਮੀਨ 'ਤੇ ਡਿਗ ਪਿਆ | ਗੁਰਮੁੱਖ ਸਿੰਘ ਨੇ ਮੇਰੇ ਡਿੱਗੇ ਪਏ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਮੈਂ ਗੰਭੀਰ ਜ਼ਖਮੀ ਹੋ ਗਿਆ | ਮੈਨੂੰ ਮੇਰੇ ਪਿਤਾ ਵੱਲੋਂ ਸਿਵਲ ਹਸਪਤਾਲ ਸੁਰਸਿੰਘ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਮੈਨੂੰ ਤਰਨ ਤਾਰਨ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ | ਜਾਂਚ ਅਧਿਕਾਰੀ ਏ.ਐੱਸ.ਆਈ. ਕੁਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |